ਹਰਿਆਣਾ : ਨੀਕਿਤਾ ਕਤਲਕਾਂਡ ਮਾਮਲੇ ‘ਚ ਬੱਲਭਗੜ੍ਹ ਵਿਖੇ ਇੱਕ ਮਹਾਪੰਚਾਇਤ ਬੁਲਾਈ ਗਈ ਸੀ। ਮਹਾਪੰਚਾਇਤ ਖ਼ਤਮ ਹੋਣ ਤੋਂ ਬਾਅਦ ਭੀੜ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਗੁੱਸੇ ‘ਚ ਆਏ ਲੋਕਾਂ ਨੇ ਫਰੀਦਾਬਾਦ-ਬੱਲਭਗੜ੍ਹ ਹਾਈਵੇ ਨੂੰ ਵੀ ਜਾਮ ਕਰ ਦਿੱਤਾ। ਇਹ ਲੋਕ ਨੀਕਿਤਾ ਤੋਮਰ ਕਤਲਕਾਂਡ ਮਾਮਲੇ ‘ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਜਿਹੜੀ ਅੱਜ ਮਹਾਪੰਚਾਇਤ ਬੁਲਾਈ ਗਈ ਸੀ ਉਸ ਵਿੱਚ ਵੀ ਇਹ ਫੈਸਲਾ ਲਿਆ ਗਿਆ ਸੀ ਕਿ ਕਾਤਲਾਂ ਨੂੰ ਸਜ਼ਾ ਤੇ ਨੀਕਿਤਾ ਨੂੰ ਇਨਸਾਫ਼ ਦਵਾਇਆ ਜਾਵੇ। ਭੀੜ ਦਾ ਗੁੱਸਾ ਦੇਖ ਪੁਲਿਸ ਨੂੰ ਹਾਲਾਤ ਕਾਬੂ ਕਰਨ ਲਈ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਭਾਰੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।
ਦਰਅਸਲ ਇਹ ਮਾਮਲਾ ਉਦੋਂ ਭੱਖਿਆ ਜਦੋਂ ਮਹਾਪੰਚਾਇਤ ‘ਚ ਫਰੀਦਾਬਾਦ ਐਨਆਈਟੀ ਦੇ ਵਿਧਾਇਕ ਨੀਰਜ਼ ਸ਼ਰਮਾ ‘ਤੇ ਕਿਸੇ ਨੇ ਜੁੱਤਾ ਸੁੱਟ ਦਿੱਤਾ। ਜਿਸ ਤੋਂ ਬਾਅਦ ਤਣਾਅ ਵਾਲਾ ਮਾਹੌਲ ਬਣ ਗਿਆ ਸੀ। ਭੀੜ ਨੇ ਸੜਕ ‘ਤੇ ਪਰਾਲੀ ਨੂੰ ਅੱਗ ਲਗਾ ਦਿੱਤੀ। ਹਾਈਵੇ ‘ਤੇ ਮੌਜ਼ੂਦ ਕਈ ਗੱਡੀਆਂ ਤੇ ਢਾਬਿਆਂ ‘ਤੇ ਭੰਨਤੋੜ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ ਸੀ।
26 ਅਕਤੂਬਰ ਨੂੰ ਫਰੀਦਾਬਾਦ ਜਿਲ੍ਹੇ ਦੇ ਬੱਲਭਗੜ੍ਹ ‘ਚ ਪੇਪਰ ਦੇਣ ਤੋਂ ਬਾਅਦ ਘਰ ਵਾਪਸ ਆ ਰਹੀ 21 ਸਾਲਾ ਨੀਕਿਤਾ ਦਾ ਰਸਤੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨੀਕਿਤਾ ਬੀ-ਕੌਮ ‘ਚ ਆਖਰੀ ਸਾਲ ਦੀ ਵਿਦਿਆਰਥਨ ਸੀ। ਇਸ ਮਾਮਲੇ ‘ਚ ਪੁਲਿਸ ਨੇ ਕਾਂਗਰਸੀ ਵਿਧਾਇਕ ਅਫ਼ਤਾਬ ਅਹਿਮਦ ਦੇ ਚਾਚੇ ਦੇ ਲੜਕੇ ਤੌਸੀਫ, ਉਸ ਦੇ ਦੋਸਤ ਰਿਹਾਨ ਅਤੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਨੀਕਿਤਾ ਦੇ ਪਰਿਵਾਰ ਵਾਲੇ ਇਸ ਨੂੰ ਲਵ ਜਿਹਾਦ ਵੀ ਦੱਸ ਰਹੇ ਹਨ। ਨੀਤਿਕਾ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਵੱਲੋਂ ਜ਼ਬਰੀ ਧਰਮ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।