ਨਵੀ ਦਿੱਲੀ : ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਅਗਰਵਾਲ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 49 ਸਾਲ ਦੇ ਸਨ। ਉਹ ਅਮਰੀਕਾ ਵਿੱਚ ਇੱਕ ਸਕੀਇੰਗ ਹਾਦਸੇ ਵਿੱਚ ਜ਼ਖਮੀ ਹੋ ਗਏ ਸਨ ਅਤੇ ਨਿਊਯਾਰਕ ਵਿੱਚ ਇਲਾਜ ਅਧੀਨ ਸਨ। ਇਲਾਜ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ ।
ਅਗਨੀਵੇਸ਼ ਅਗਰਵਾਲ ਤਲਵੰਡੀ ਸਾਬੋ ਪਾਵਰ ਲਿਮਟਿਡ (ਜੋ ਕਿ ਵੇਦਾਂਤਾ ਗਰੁੱਪ ਦੀ ਇੱਕ ਇਕਾਈ ਹੈ) ਦੇ ਬੋਰਡ ਮੈਂਬਰ ਸਨ ਅਤੇ ਇਸਦੀਆਂ ਵਪਾਰਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਸਨ। ਦੱਸ ਦਈਏ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਭਾਵੁਕ ਪੋਸਟ ਵਿੱਚ, ਅਨਿਲ ਅਗਰਵਾਲ ਨੇ ਲਿਖਿਆ, “ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਇਕ ਦਿਨ ਹੈ। ਮੇਰਾ 49 ਸਾਲਾ ਪੁੱਤਰ ਅਗਨੀਵੇਸ਼ ਹੁਣ ਸਾਡੇ ਵਿੱਚ ਨਹੀਂ ਹੈ। ਜ਼ਿੰਦਗੀ ਵਿੱਚ ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੋ ਸਕਦਾ ਕਿ ਜਦ ਇੱਕ ਪਿਤਾ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਵੇ । ਅਗਨੀਵੇਸ਼ ਇੱਕ ਦੋਸਤ ਨਾਲ ਅਮਰੀਕਾ ਵਿੱਚ ਸਕੀਇੰਗ ਕਰਨ ਗਿਆ ਸੀ। ਉੱਥੇ ਉਸਦਾ ਇੱਕ ਹਾਦਸਾ ਹੋ ਗਿਆ। ਉਸਦਾ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅਸੀਂ ਸੋਚਿਆ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਸਾਡਾ ਪੁੱਤਰ ਸਾਨੂੰ ਛੱਡ ਗਿਆ।”
ਇਸਤੋਂ ਇਲਾਵਾ ਅਗਰਵਾਲ ਨੇ ਅੱਗੇ ਲਿਖਿਆ, “3 ਜੂਨ, 1976 ਨੂੰ ਪਟਨਾ ਵਿੱਚ ਜਦੋਂ ਅਗਨੀਵੇਸ਼ ਸਾਡੀ ਦੁਨੀਆ ਵਿੱਚ ਆਇਆ ਉਹ ਪਲ ਅਜੇ ਵੀ ਮੇਰੀਆਂ ਅੱਖਾਂ ਵਿੱਚ ਤਾਜ਼ਾ ਹੈ। ਪੁੱਤਰ ਮੈਨੂੰ ਤੇਰੇ ਨਾਲ ਬਿਤਾਏ ਹਰ ਪਲ ਦੀ ਯਾਦ ਆਉਂਦੀ ਹੈ। ਅਗਨੀ ਆਪਣੀ ਮਾਂ ਦਾ ਪਿਆਰਾ, ਬਚਪਨ ਵਿੱਚ ਬਹੁਤ ਹੀ ਖੇਡਣ ਵਾਲਾ ਅਤੇ ਸ਼ਰਾਰਤੀ ਸੀ। ਉਹ ਹਮੇਸ਼ਾ ਹੱਸਦਾ ਅਤੇ ਮੁਸਕਰਾਉਂਦਾ ਰਹਿੰਦਾ ਸੀ। ਉਹ ਆਪਣੇ ਦੋਸਤਾਂ ਦਾ ਦੋਸਤ ਸੀ ਅਤੇ ਆਪਣੀ ਭੈਣ ਪ੍ਰਿਆ ਦੀ ਬਹੁਤ ਹੀ ਰੱਖਿਆ ਕਰਦਾ ਸੀ। ਉਸਨੇ ਅਜਮੇਰ ਦੇ ਮੇਓ ਕਾਲਜ ਵਿੱਚ ਪੜ੍ਹਾਈ ਕੀਤੀ। ਉਹ ਇੱਕ ਮੁੱਕੇਬਾਜ਼ੀ ਚੈਂਪੀਅਨ, ਇੱਕ ਘੋੜਸਵਾਰ ਅਤੇ ਇੱਕ ਸ਼ਾਨਦਾਰ ਸੰਗੀਤਕਾਰ ਸੀ। ਉਸਨੇ ਫੁਜੈਰਾ ਗੋਲਡ ਵਰਗੀ ਇੱਕ ਸ਼ਕਤੀਸ਼ਾਲੀ ਕੰਪਨੀ ਬਣਾਈ ਅਤੇ ਹਿੰਦੁਸਤਾਨ ਜ਼ਿੰਕ ਦਾ ਚੇਅਰਮੈਨ ਬਣਿਆ। ਪਰ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਤੋਂ ਉੱਪਰ ਅਗਨੀਵੇਸ਼ ਇੱਕ ਬਹੁਤ ਹੀ ਸਧਾਰਨ ਵਿਅਕਤੀ ਸੀ। ਉਹ ਹਮੇਸ਼ਾ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਵਿੱਚ ਰਹਿਣਾ ਪਸੰਦ ਕਰਦਾ ਸੀ। ਉਹ ਹਰ ਉਸ ਵਿਅਕਤੀ ਦਾ ਸਵਾਗਤ ਕਰਦਾ ਸੀ ਜਿਸਨੂੰ ਉਹ ਮਿਲਦਾ ਸੀ। ਉਹ ਜ਼ਮੀਨੀ ਤੌਰ ‘ਤੇ ਸੱਚਾ,ਸਿੱਧਾ, ਜੀਵੰਤ ਅਤੇ ਮਨੁੱਖਤਾ ਨਾਲ ਭਰਪੂਰ ਸੀ।”
ਵੇਦਾਂਤ ਚੇਅਰਮੈਨ ਨੇ ਅੱਗੇ ਲਿਖਿਆ, “ਉਹ ਸਿਰਫ਼ ਮੇਰਾ ਪੁੱਤਰ ਨਹੀਂ ਸੀ, ਉਹ ਮੇਰਾ ਦੋਸਤ ਸੀ, ਮੇਰਾ ਮਾਣ ਸੀ, ਮੇਰੀ ਪੂਰੀ ਦੁਨੀਆ ਸੀ। ਕਿਰਨ ਅਤੇ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਾਂ। ਅਸੀਂ ਸੋਚਦੇ ਰਹਿੰਦੇ ਹਾਂ ਕਿ ਸਾਡਾ ਪੁੱਤਰ ਚਲਾ ਗਿਆ ਹੈ, ਪਰ ਵੇਦਾਂਤ ਵਿੱਚ ਕੰਮ ਕਰਨ ਵਾਲਾ ਹਰ ਕੋਈ ਸਾਡੇ ਲਈ ਅਗਨੀਵੇਸ਼ ਹੈ। ਉਹ ਸਾਰੇ ਸਾਡੇ ਪੁੱਤਰ ਅਤੇ ਧੀਆਂ ਹਨ। ਅਗਨੀ ਅਤੇ ਮੇਰਾ ਇੱਕੋ ਸੁਪਨਾ ਸੀ: ਭਾਰਤ ਨੂੰ ਸਵੈ-ਨਿਰਭਰ ਬਣਾਉਣਾ। ਉਹ ਹਮੇਸ਼ਾ ਕਹਿੰਦੇ ਸਨ, ‘ਪਾਪਾ, ਸਾਡੇ ਦੇਸ਼ ਵਿੱਚ ਕੀ ਕਮੀ ਹੈ? ਫਿਰ ਅਸੀਂ ਕਿਸੇ ਤੋਂ ਪਿੱਛੇ ਕਿਉਂ ਰਹੀਏ?’ ਸਾਡੀ ਦਿਲੀ ਇੱਛਾ ਹਮੇਸ਼ਾ ਰਹੀ ਹੈ ਕਿ ਦੇਸ਼ ਦਾ ਕੋਈ ਵੀ ਬੱਚਾ ਭੁੱਖਾ ਨਾ ਸੌਂਵੇ, ਕੋਈ ਬੱਚਾ ਅਨਪੜ੍ਹ ਨਾ ਰਹੇ, ਹਰ ਔਰਤ ਆਪਣੇ ਪੈਰਾਂ ‘ਤੇ ਖੜ੍ਹੀ ਹੋਵੇ, ਅਤੇ ਹਰ ਨੌਜਵਾਨ ਨੂੰ ਰੁਜ਼ਗਾਰ ਮਿਲੇ।”
ਉਨ੍ਹਾਂ ਅੱਗੇ ਲਿਖਿਆ, “ਮੈਂ ਅਗਨੀਵੇਸ਼ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜੋ ਵੀ ਪੈਸਾ ਪ੍ਰਾਪਤ ਕਰਦੇ ਹਾਂ ਉਸ ਦਾ 75 ਪ੍ਰਤੀਸ਼ਤ ਤੋਂ ਵੱਧ ਸਮਾਜਿਕ ਕਾਰਜਾਂ ਲਈ ਖਰਚ ਕਰਾਂਗੇ। ਅੱਜ ਮੈਂ ਉਸ ਵਾਅਦੇ ਨੂੰ ਦੁਹਰਾਉਂਦਾ ਹਾਂ।” ਮੈਂ ਇੱਕ ਹੋਰ ਸਾਦਾ ਜੀਵਨ ਜੀਵਾਂਗਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਇਸ ਸੰਕਲਪ ਨੂੰ ਸਮਰਪਿਤ ਕਰਾਂਗਾ।

