-ਡਾ ਸੰਦੀਪ ਬੈਂਸ;
ਝੋਨੇ ਦੀ ਪਰਾਲੀ ਜੋ ਕਿ ਝੋਨੇ ਦੇ ਉਤਪਾਦਨ ਦਾ ਉਪ ਉਤਪਾਦ ਹੈ ਇਹ ਇੱਕ ਕੁਦਰਤੀ ਅਤੇ ਸਥਾਈ ਸ੍ਰੋ਼ਤ ਹੈ। ਇਹ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਪਾਈ ਜਾਂਦੀ ਹੈ। ਇਸਦਾ ਜ਼ਿਆਦਾਤਰ ਪ੍ਰਯੋਗ ਪਸ਼ੂਆਂ ਦੇ ਚਾਰੇ ਲਈ ਕੀਤਾ ਜਾਂਦਾ ਹੈ।ਇਸ ਨੂੰ ਖੇਤਾਂ ਵਿੱਚ ਸਾੜ ਵੀ ਦਿੱਤਾ ਜਾਂਦਾ ਹੈ ਅਤੇ ਕੁਝ ਮਾਤਰਾ ਮਿੱਟੀ ਵਿੱਚ ਵੀ ਸ਼ਾਮਿਲ ਹੋ ਜਾਂਦੀ ਹੈ।ਪੰਜਾਬ ਵਿੱਚ ਇੱਕ ਵੱਡਾ ਹਿੱਸਾ ਲਗਭਗ 12 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਮੁੱਖ ਤੌਰ ‘ਤੇ ਅਗਲੀ ਫਸਲ ਦੀ ਬਿਜਾਈ ਤੋਂ ਪਹਿਲਾਂ ਜਮੀਨ ਨੂੰ ਸਾਫ ਕਰਨ ਲਈ ਖੇਤਾਂ ਵਿੱਚ ਹੀ ਸਾੜ ਦਿੱਤਾ ਜਾਂਦਾ ਹੈ।
ਹਾਲਾਂਕਿ ਝੋਨੇ ਦੀ ਪਰਾਲੀ ਨੂੰ ਸਾੜਨਾ ਸਭ ਤੋਂ ਸਸਤਾ ਤਰੀਕਾ ਹੈ ਪਰ ਇਹ ਕਾਨੂੰਨੀ ਜੁਰਮ ਵੀ ਹੈ ਇਸ ਨਾਲ ਵਾਤਾਵਰਨ ਸੰਬੰਧੀ ਚਿੰਤਾਵਾਂ ਵੱਧਦੀਆਂ ਹਨ ਜਿਵੇਂ ਕਿ ਪਰਾਲੀ ਦੇ ਧੂੰਏਂ ਤੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਵਾਤਾਵਰਨ ਲਈ ਹਾਨੀਕਾਰਕ ਹੈ।ਝੋਨੇ ਦੀ ਕਟਾਈ ਕਰਨ ਲਈ ਮਜ਼ਦੂਰਾਂ ਦੀ ਘਾਟ ਅਤੇ ਕੰਬਾਈਨਾਂ ਦੀ ਵਰਤੋਂ ਕਾਰਨ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਨੂੰ ਸਾੜਨਾ ਤੇਜ਼ ਹੋ ਗਿਆ ਹੈ।ਜਿਸ ਦੇ ਨਤੀਜੇ ਵਜੋਂ ਕੁਝ ਸੂਬਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਕਾਰਨ ਕਿਸਾਨਾਂ ਦੇ ਸਾਹਮਣੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਇੱਕ ਚਣੌਤੀ ਬਣ ਗਈ ਹੈ।
ਖੇਤੀਬਾੜੀ ਵਿੱਚ ਪਰਾਲੀ ਨੂੰ ਸਾੜਨ ਕਰਕੇ ਸਥਾਨਕ ਹਵਾ ਪ੍ਰਦੂਸ਼ਣ, ਕਾਲੇ ਕਾਰਬਨ ਵਿੱਚ ਵਾਧਾ, ਖੇਤਰੀ ਅਤੇ ਵਿਸ਼ਵ ਪੱਧਰੀ ਵਾਤਾਵਰਨ ਵਿੱਚ ਤਬਦੀਲੀ ਸਮੇਤ ਬਹੁਤ ਸਾਰੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ।ਦੂਜੇ ਪਾਸੇ ਜੇਕਰ ਪਰਾਲੀ ਨੂੰ ਨਾਂ ਸਾੜ ਕੇ ਖੇਤਾਂ ਵਿੱਚ ਹੀ ਰਲਣ ਲਈ ਛੱਡਿਆ ਜਾਵੇ ਤਾਂ ਇਹ ਮਿੱਟੀ ਦੀਆਂ ਰਸਾਇਣਿਕ ਅਤੇ ਕੈਮੀਕਲ ਵਿਸ਼ੇਸ਼ਤਾਵਾਂ ਨੂੰ ਸੁਧਾਰਦੀ ਹੈ। ਫਿਰ ਵੀ ਦੇਖਿਆ ਜਾਵੇ ਝੋਨੇ ਦੀ ਪਰਾਲੀ ਦੀ ਸੰਭਾਲ ਬਹੁਤ ਚੁਣੌਤੀਆਂ ਪੇਸ਼ ਕਰਦੀ ਹੈ।
ਝੋਨੇ ਦੀ ਪਰਾਲੀ ਨੂੰ ਨਦੀਨਾਂ ਤੇ ਕਾਬੂ ਪਾਉਣ ਲਈ ਬਦਲਵੇਂ ਢੰਗਾਂ ਨਾਲ ਵਰਤਿਆ ਜਾ ਸਕਦਾ ਹੈ।ਜਿਵੇਂ ਕਿ ਸਬਜੀਆਂ ਦੀ ਪੈਦਾਵਾਰ ਨੂੰ ਖਰਾਬ ਕਰਨ ਵਿੱਚ ਨਦੀਨਾਂ ਦਾ ਖਾਸ ਸਥਾਨ ਹੈ।ਨਦੀਨਾਂ ਨਾਲ ਹੋਣ ਵਾਲੇ ਫਸਲੀ ਨੁਕਸਾਨ, ਨਦੀਨਾਂ ਦੀ ਕਿਸਮ ਤੇ ਆਧਾਰਿਤ ਹੁੰਦੇ ਹਨ।ਨਮੀਂ ਅਤੇ ਭਾਰੀ ਬਾਰਿਸ਼ ਵਾਲੇ ਇਲਾਕਿਆਂ ਵਿੱਚ ਨਦੀਨਾਂ ਤੋਂ ਹੋਣ ਵਾਲੇ ਫਸਲੀ ਨੁਕਸਾਨ 25 ਤੋਂ 100 ਪ੍ਰਤੀਸ਼ਤ ਹਨ। ਪੌਦੇ, ਦਰੱਖਤ,ਸ਼ਬਜ਼ੀਆਂ ਦੀ ਫਸਲ ,ਫਲਾਂ ਦੀਆਂ ਫਸਲਾਂ ਅਤੇ ਫੁੱਲਾਂ ਦੀ ਫਸਲ ਨਦੀਨਾਂ ਨਾਲ ਪ੍ਰਭਾਵਿਤ ਹੁੰਦੇ ਹਨ।
ਜੇਕਰ ਨਦੀਨਾਂ ਨੂੰ ਸਮੇਂ ਸਿਰ ਨਾਂ ਕੱਢਿਆ ਜਾਵੇ ਤਾਂ ਫਸਲਾਂ ਦੇ ਵਿਕਾਸ ਅਤੇ ਉਪਜ ਤੇ ਭਾਰੀ ਅਸਰ ਪੈਂਦਾ ਹੈ। ਨਦੀਨਾਂ ਨੂੰ ਕਾਮਿਆਂ ਦੁਆਰਾ ਹੱਥੀਂ ਕਢਵਾਇਆ ਜਾਵੇ ਤਾਂ ਇਹ ਸਮੇਂ ਅਤੇ ਪੈਸੇ ਦੇ ਰੂਪ ਵਿੱਚ ਕਾਫੀ ਮਹਿੰਗਾ ਪੈਂਦਾ ਹੈ।ਹਾਲਾਂਕਿ ਰਸਾਇਣਿਕ ਪ੍ਰਭਾਵ ਰਾਹੀਂ ਨਦੀਨਾਂ ਨੂੰ ਖਤਮ ਕਰਨਾ ਇੱਕ ਪ੍ਰਭਾਵਸ਼ਾਲੀ ਵਿਕਲਪ ਹੈ ਪਰ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਨਾਲ ਜ਼ਮੀਨ ਅਤੇ ਵਾਤਾਵਰਨ ਉੱਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਇਸ ਲਈ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਦੀਨਾਂ ਤੋਂ ਛੁਟਕਾਰਾ ਪਾਉਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ।
ਨਦੀਨਾਂ ਦੀ ਰੋਕਥਾਮ ਅਤੇ ਝੋਨੇ ਦੀ ਪਰਾਲੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮਲਚਿੰਗ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਜ਼ਮੀਨ ਦੀ ਉਪਰਲੀ ਤਹਿ ਤੇ ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਵਿਛਾਈ ਗਈ ਸ਼ੀਟ ਨੂੰ ਮਲਚ ਕਿਹਾ ਜਾਂਦਾ ਹੈ।ਆਮ ਤੌਰ ਤੇ ਇਹ ਜ਼ਮੀਨ ਦੀ ਨਮੀਂ ਦੀ ਸਾਂਭ ਅਤੇ ਮਿੱਟੀ ਦੀ ਉਪਜ਼ਾਊ ਸ਼ਕਤੀ ਨੂੰ ਬੇਹਤਰ ਬਣਾਉਣ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਮਲਚ ਵਿਛਾਉਣ ਨਾਲ ਖੇਤਾਂ ਦੀ ਦਿੱਖ ਵਧੀਆ ਹੁੰਦੀ ਹੈੇ ਇਹ ਮਲਚ ਵਿਸ਼ੇਸ਼ ਤੌਰ ਤੇ ਕੁਦਰਤੀ ਨਹੀਂ ਹੁੰਦੇ।ਇਹ ਸਥਾਈ ਹੋ ਸਕਦੇ ਹਨ।(ਜਿਵੇਂ ਕਿ ਪਲਾਸਟਿਕ ਦੀ ਸ਼ੀਟ/ਰਬੜ) ਜਾਂ ਅਸਥਾਈ (ਜਿਵੇਂ ਕਿ ਲੱਕੜੀ ਦਾ ਬੂਰਾ/ ਪਰਾਲੀ )।ਇਹਨਾਂ ਦੀ ਵਰਤੋਂ ਖਾਲੀ ਜ਼ਮੀਨਾਂ ਅਤੇ ਮੌਜੂਦਾ ਪੌਦਿਆਂ ਦੇ ਆਲੇ ਦੁਆਲੇ ਕੀਤੀ ਜਾ ਸਕਦੀ ਹੈ।ਸੂਰਜ ਦੀਆਂ ਕਿਰਨਾਂ ਅਤੇ ਪਾਣੀ ਕਾਰਨ ਵਾਤਾਵਰਨ ਅਨੂਕੂਲਿਤ ਜੈਵਿਕ ਸੁਭਾਅ ਦੇ ਮਲਚ ਮਿੱਟੀ ਵਿੱਚ ਰਲ-ਮਿਲ ਜਾਂਦੇ ਹਨ। ਨਦੀਨਾਂ ਤੋਂ ਛੁਟਕਾਰਾ ਪਾਉਣ ਲਈ ਇਹ ਮਲਚ ਕਾਫੀ ਲਾਭਦਾਇਕ ਹੁੰਦੇ ਹਨ।
ਸਥਾਈ ਤੌਰ ‘ਤੇ ਲੱਕੜੀ ਦੇ ਬੂਰੇ ਨੂੰ ਮਲਚ ਦੇ ਤੌਰ ਤੇ ਵਰਤਿਆ ਜਾਂਦਾ ਹੈ ਪਰ ਸਮਾਂ ਪੈਣ ਤੇ ਇਸਨੂੰ ਸਿਉਂਕ ਲਗ ਜਾਂਦੀ ਹੈ ਜ਼ੋ ਕਿ ਪੌਦੇ ਨੂੰ ਖਰਾਬ ਕਰ ਦਿੰਦੀ ਹੈ।ਇਸੇ ਤਰਾਂ ਕੁਝ ਥਾਵਾਂ ਤੇ ਝੋਨੇ ਦੀ ਪਰਾਲੀ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।ਪਰੰਤੂ ਵਿਛਾਈ ਹੋਈ ਪਰਾਲੀ ਵਿੱਚੋਂ ਚੂਹੇ ਖੁੱਡਾਂ ਬਣਾ ਲੈਂਦੇ ਹਨ ਜਿਸ ਕਾਰਨ ਬਹੁਤ ਫਸਲੀ ਨੁਕਸਾਨ ਹੁੰਦਾ ਹੈ।ਸਰਦੀਆਂ ਵਿੱਚ ਚੂਹੇ ਛੋਟੇ ਦਰੱਖਤਾਂ ਦੇ ਛਿਲਕੇ ਚਬਾ ਜਾਂਦੇ ਹਨ।ਜੇਕਰ ਝੋਨੇ ਦੀ ਪਰਾਲੀ ਨੂੰ ਖਿੰਡਾਉਣ ਦੀ ਥਾਂ ਪਰਾਲੀ ਨਾਲ ਬਣਾਏ ਸੰਘਣੇ ਮੈਟ ਵਿਛਾਏ ਜਾਣ ਤਾਂ ਚੂਹਿਆਂ ਦਾ ਅੰਦਰ ਜਾਣਾ ਮੁਸ਼ਕਿਲ ਹੋਵੇਗਾ।ਇਸ ਤਰੀਕੇ ਨਾਲ ਨਦੀਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਦੀਨਾਂ ਦੀ ਰੋਕਥਾਮ ਅਤੇ ਪਰਾਲੀ ਦੀ ਸਾਂਭ-ਸੰਭਾਲ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਵਸਤਰ ਵਿਗਿਆਨ ਵਿਭਾਗ, ਕਮਿਊਨਟੀ ਸਾਇੰਸ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਮਲਚ ਮੈਟ ਬਣਾਏ ਗਏੇ ਹਨ।ਇਹ ਮਲਚ ਮੈਟ ਦੋ ਤਰੀਕਿਆਂ ਨਾਲ ਬਣਾਏ ਗਏ ਹਨ।
1. ਵੋਵਨ ਮਲਚ ਮੈਟ 2.ਨਾਨ ਵੋਵਨ ਮਲਚ ਮੈਟ
1. ਵੋਵਨ ਮਲਚ ਮੈਟ – ਇਹ ਮਲਚ ਮੈਟ ਦੋ ਤਰੀਕਿਆਂ ਨਾਲ ਉਣਾਈ ਕਰਕੇ ਬਣਾਇਆ ਗਿਆ ਹੈ।ਪਹਿਲੇ ਮਲਚ ਮੈਟ ਵਿੱਚ ਪਰਾਲੀ ਨੁੰ ਪਰਾਲੀ ਨਾਲ ਉਣਾਈ ਕੀਤੀ ਗਈ ਹੈ। ਜਦਕਿ ਦੂਜੇ ਤਰੀਕੇ ਵਿੱਚ ਤਾਣੇ ਵਿੱਚ ਸੂਤ ਦਾ ਧਾਗਾ ਅਤੇ ਬਾਣੇ ਵਿੱਚ ਪਰਾਲੀ ਦੀ ਵਰਤੋਂ ਕੀਤੀ ਗਈ ਹੈ।
2. ਨਾਨ ਵੋਵਨ ਮਲਚ ਮੈਟ-ਇਹ ਮਲਚ ਮੈਟ ਦੋ ਮੋਟਾਈਆਂ ਵਿੱਚ (4 ਐੱਮ.ਐੱਮ ਅਤੇ 8 ਐੱਮ ਐੱਮ) ਬਣਾਇਆ ਗਿਆ ਹੈ।
ਬਾਇਓਡੀਗ੍ਰੇਬਿਲਟੀ ਦੇ ਪ੍ਰਭਾਵ ਨੂੰ ਨਿਰਧਾਰਤ ਕਰਨ ਲਈ ਤਿਆਰ ਕੀਤੇ ਮਲਚ ਮੈਟ ਵਿੱਚ ਵੱਖੋ-ਵੱਖ ਬਦਲਾਅ ਕੀਤੇ ਗਏ ਹਨ। ਤਾਂ ਜੋ ਇਹ ਜੈਵਿਕ ਮੈਟ ਖਾਦ ਦੇ ਤੌਰ ਤੇ ਮਿੱਟੀ ਵਿੱਚ ਆਸਾਨੀ ਨਾਲ ਮਿਲ ਜਾਣ ਅਤੇ ਉਸ ਦੀ ਉਪਜਾਊ ਸ਼ਕਤੀ ਨੂੰ ਵਧਾਉਣ।
ਵਿਕਸਿਤ ਕੀਤੇ ਨਾਨ ਵੋਵਨ ਮਲਚ ਮੈਟ ਦੋ ਤਿੰਨ ਮਹੀਨਿਆਂ ਵਿੱਚ ਹੀ ਮਿੱਟੀ ਦੇ ਵਿੱਚ ਰਲ ਜਾਂਦੇ ਹਨ। ਹਾਲਾਂਕਿ ਪ੍ਰਚਲਿਤ ਕਾਲਾ ਲਿਫਾਫਾ ਵਿਕਸਿਤ ਕੀਤੇ ਜੈਵਿਕ ਮਲਚ ਮੈਟਾਂ ਤੋਂ ਜ਼ਿਆਦਾ ਸਮਾਂ ਕੱਢ ਦਿੰਦਾ ਹੈ ਪਰ ਕੁਦਰਤੀ ਸੋਮਿਆਂ ਤੋਂ ਬਣਾਏ ਹੋਏ ਮਲਚ ਮੈਟਾਂ ਦੇ ਫਾਇਦੇ ਬਹੁਤ ਜ਼ਿਆਦਾ ਹੁੰਦੇ ਹਨ। ਵਿਛਾਏ ਹੋਏ ਕਾਲੇ ਪਲਾਸਟਿਕ ਉੱਪਰ ਧੁੱਪ ਪੈਣ ਨਾਲ ਉਸ ਵਿੱਚੋਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ।ਜੋ ਕਿ ਮਜ਼ਦੂਰ ਦੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦੀਆਂ ਹਨ। ਹੋਰ ਤਾਂ ਹੋਰ ਕਾਲੇ ਪਲਾਸਟਿਕ ਸ਼ੀਟ ਦੇ ਵੱਧ ਤਾਪਮਾਨ ਕਾਰਨ ਨਵੇਂ ਉਗਾਏ ਹੋਏ ਪੌਦਿਆਂ ਵਿੱਚ ਸਾੜ ਪੈ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਗਏ ਝੋਨੇ ਦੀ ਪਰਾਲੀ ਵਾਲੇ ਮਲਚ ਮੈਟਾਂ ਦੀ ਵਰਤੋਂ ਨਾਲ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ। ਇਸ ਨਾਲ ਫਸਲ ਦੀ ਉਪਜ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਨਾਲ ਹੇਠਲੇ ਪੱਧਰ ਤੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਵੀ ਹੋ ਸਕਦੀ ਹੈ ।ਜੇਕਰ ਕਿਸਾਨ ਇਹਨਾਂ ਮਲਚ ਮੈਟਾਂ ਦੀ ਵਰਤੋਂ ਕਰਦੇ ਹਨ ਤਾਂ ਕਿਸਾਨਾਂ ਦੇ ਨਾਲ-ਨਾਲ ਘਰ ਬੈਠੀਆਂ ਸੁਆਣੀਆਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ।ਕਿਉਂਕਿ ਇਹ ਮਲਚ ਮੈਟ ਘਰਾਂ ਵਿੱਚ ਬੈਠ ਕੇ ਅੱਡੇ ਤੇ ਆਸਾਨੀ ਨਾਲ ਬਣਾਏ ਜਾ ਸਕਦੇ ਹਨ।