ਅਮਰੀਕਾ ਨੇ ਇੱਕ ਵਾਰ ਫਿਰ ਚੀਨ ‘ਤੇ ਸਾਧਿਆ ਨਿਸ਼ਾਨਾ
ਤਾਇਵਾਨ ਨੂੰ ਅਬਜ਼ਰਵਰ ਵਜੋਂ ਸ਼ਾਮਲ ਕਰਨਾ ਚਾਹੁੰਦਾ ਹੈ ਅਮਰੀਕਾ
ਜੇਨੇਵਾ : ਦੋ ਦਿਨ ਪਹਿਲਾਂ ਅਮਰੀਕਾ ਦੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਹੁਣ ਵੱਡਾ ਮੁੱਦਾ ਬਣ ਚੁੱਕੀ ਹੈ, ਇਸ ਬਾਰੇ ਡਬਲਿਊ.ਐਚ.ਓ. ਦੀ ਮੀਟਿੰਗ ਵਿੱਚ ਵੀ ਚਰਚਾ ਹੋਈ ਹੈ ਅਤੇ ਅਮਰੀਕਾ ਚਾਹੁੰਦਾ ਹੈ ਕਿ ਕੋਰੋਨਾ ਦੇ ਮੁੱਢ ਦਾ ਪਤਾ ਲਗਾਉਣ ਲਈ ਜਾਂਚ ਫਿਰ ਤੋਂ ਸ਼ੁਰੂ ਹੋਵੇ। ਚੀਨ ‘ਚ ਕੋਰੋਨਾ ਇਨਫੈਕਸ਼ਨ ਫੈਲਣ ਤੋਂ ਪਹਿਲਾਂ ਇਕ ਲੈਬ ਦੇ ਤਿੰਨ ਖੋਜੀਆਂ ਦੇ ਬਿਮਾਰ ਪੈਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਸ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸਥਾਰਤ ਜਾਂਚ ਦੀ ਮੰਗ ਜ਼ੋਰ ਫੜਨ ਲੱਗੀ ਹੈ। ਅਮਰੀਕਾ ਨੇ ਕਿਹਾ ਹੈ ਕਿ ਇਹ ਵਾਇਰਸ ਕਿੱਥੋਂ ਆਇਆ, ਇਸ ਦੀ ਫਿਰ ਤੋਂ ਜਾਂਚ ਹੋਣੀ ਚਾਹੀਦੀ ਹੈ।
ਮੰਗਲਵਾਰ ਨੂੰ 74ਵੀਂ ਵਿਸ਼ਵ ਸਿਹਤ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਸਯੁੰਕਤ ਰਾਜ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਜ਼ੇਵੀਅਰ ਬੇਸੇਰਾ ਨੇ ਕਿਹਾ ਕਿ “ਵਿਸ਼ਵ ਨੇਤਾਵਾਂ ਨੂੰ ਵਰਤਮਾਨ ਮਹਾਂਮਾਰੀ ਨੂੰ ਸਮਝਣ ਲਈ ਅਤੇ ਭਵਿੱਖ ਦੇ ਜੀਵ-ਵਿਗਿਆਨਕ ਖਤਰਿਆਂ ਦਾ ਪਤਾ ਲਗਾਉਣ, ਤਿਆਰੀ ਕਰਨ ਅਤੇ ਪ੍ਰਤੀਕਿਰਿਆ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।”
ਅਮਰੀਕੀ ਸਿੱਖਿਆ ਮੰਤਰੀ ਜੇਵੀਅਰ ਬੇਸੇਰਾ ਨੇ ਵਿਸ਼ਵ ਸਿਹਤ ਸੰਗਠਨ (WHO) ਦੀ ਮੰਤਰੀ ਪੱਧਰ ਦੀ ਬੈਠਕ ‘ਚ ਇਹ ਮੰਗ ਉਠਾਈ। ਉਨ੍ਹਾਂ ਨੇ ਵੀਡੀਓ ਸੰਦੇਸ਼ ਜ਼ਰੀਏ ਕਿਹਾ ਕਿ ਕੋਰੋਨਾ ਦੇ ਸਰੋਤ ਦਾ ਪਤਾ ਲਗਾਉਣ ਲਈ ਪਾਰਦਰਸ਼ੀ ਤੇ ਵਿਗਿਆਨਕ ਆਧਾਰ ‘ਤੇ ਨਵੇਂ ਸਿਰੇ ਤੋਂ ਅਧਿਐਨ ਕੀਤਾ ਜਾਣਾ ਚਾਹੀਦਾ ਹੈ।
ਬੇਸੇਰਾ ਨੇ ਕਿਹਾ, “ਕੋਵਿਡ ਮੂਲ ਦੇ ਅਧਿਐਨ ਦਾ ਦੂਜਾ ਪੜਾਅ ਲਾਜ਼ਮੀ ਤੌਰ ‘ਤੇ ਸੰਦਰਭ ਦੀਆਂ ਸ਼ਰਤਾਂ ਨਾਲ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਪਾਰਦਰਸ਼ੀ, ਵਿਗਿਆਨ ਅਧਾਰਤ ਹਨ ਅਤੇ ਅੰਤਰਰਾਸ਼ਟਰੀ ਮਾਹਰਾਂ ਨੂੰ ਵਿਸ਼ਾਣੂ ਦੇ ਸਰੋਤ ਅਤੇ ਫੈਲਣ ਦੇ ਸ਼ੁਰੂਆਤੀ ਦਿਨਾਂ ਦੀ ਪੂਰੀ ਤਰ੍ਹਾਂ ਮੁਲਾਂਕਣ ਕਰਨ ਦੀ ਆਜ਼ਾਦੀ ਦੇਣਗੇ। “
ਉਨ੍ਹਾਂ ਤਾਇਵਾਨ ਨੂੰ ਅਬਜ਼ਰਵਰ ਵਜੋਂ ਸ਼ਾਮਲ ਕਰਨ ਦੀ ਅਮਰੀਕਾ ਦੀ ਮੰਗ ਨੂੰ ਵੀ ਦੁਹਰਾਇਆ।
ਜ਼ਿਕਰਯੋਗ ਹੈ ਕਿ ਵਾਲ ਸਟ੍ਰੀਟ ਜਨਰਲ ਅਖ਼ਬਾਰ ਨੇ ਐਤਵਾਰ ਨੂੰ ਅਮਰੀਕੀ ਖ਼ੁਫ਼ੀਆ ਰਿਪੋਰਟ ਦੇ ਹਵਾਲੇ ਨਾਲ ਇਹ ਉਜਾਗਰ ਕੀਤਾ ਸੀ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਤਿੰਨ ਖੋਜੀ ਨਵੰਬਰ, 2019 ‘ਚ ਬਿਮਾਰ ਪਏ ਸਨ। ਇਸ ਤੋਂ ਇਕ ਮਹੀਨੇ ਬਾਅਦ ਚੀਨ ‘ਚ ਕੋਰੋਨਾ ਦੇ ਪਹਿਲੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਇਸੇ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾਂਦਾ ਹੈ।
ਬੀਤੇ ਸਾਲ ਤੱਤਕਾਲੀ ਟਰੰਪ ਪ੍ਰਸ਼ਾਸਨ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਚੀਨੀ ਲੈਬ ਤੋਂ ਕੋਰੋਨਾ ਲੀਕ ਹੋਇਆ ਸੀ। ਡੋਨਲਡ ਟਰੰਪ ਤਾਂ ਇਸ ਨੂੰ ਆਪਣੇ ਕਾਰਜਕਾਲ ਦੇ ਅੰਤ ਤੱਕ ਲਗਾਤਾਰ ‘ਚਾਇਨਾ ਵਾਇਰਸ’ ਹੀ ਕਹਿੰਦੇ ਰਹੇ।
ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਦੀ ਮੰਗ ‘ਤੇ ਡਬਲਯੂਐੱਚਓ ਦੀ ਟੀਮ ਕੋਰੋਨਾ ਦਾ ਸਰੋਤ ਜਾਣਨ ਲਈ ਬੀਤੀ ਜਨਵਰੀ ‘ਚ ਚੀਨ ਗਈ ਸੀ। ਟੀਮ ਨੇ ਵੁਹਾਨ ਲੈਬ ਦਾ ਦੌਰਾ ਵੀ ਕੀਤਾ ਸੀ। ਉਸ ਸਮੇਂ ਡਬਲਯੂਐੱਚਓ ਨੇ ਲੈਬ ਤੋਂ ਕੋਰੋਨਾ ਦੇ ਲੀਕ ਹੋਣ ਦੀ ਗੱਲ ਨਕਾਰ ਦਿੱਤੀ ਸੀ।