ਨਿਊਯਾਰਕ : ਅਮਰੀਕਾ ਦੇ ਸੈਂਟਰਲ ਨਿਊਯਾਰਕ ‘ਚ ਜ਼ਸ਼ਨ ਦੌਰਾਨ ਹੋਈ ਗੋਲੀਬਾਰੀ ‘ਚ 9 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਈਰਾਕਯੂਜ਼ ਦੇ ਪੁਲਿਸ ਮੁਖੀ ਕੈਂਟਨ ਬਕਨਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ 9 ਲੋਕ ਜ਼ਖਮੀ ਹੋ ਗਏ ਜਿਸ ‘ਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਮੁੱਖੀ ਬਕਨਰ ਨੇ ਸਾਈਰਾਕਯੂਜ਼ ਦੇ ਮੇਅਰ ਬੇਨ ਵਾਲਸ਼ ਦੇ ਨਾਲ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਇਸ ਘਟਨਾ ‘ਚ ਕਿਸੇ ਨੂੰ ਤੁਰੰਤ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਘਟਨਾ ਦੀ ਸ਼ੁਰੂਆਤੀ ਜਾਂਚ ਕੀਤੀ ਜਾ ਰਹੀ ਹੈ। ਬਕਨਰ ਨੇ ਕਿਹਾ ਕਿ ਸਾਈਰਾਕਯੂਜ਼ ਅਧਿਕਾਰੀ ਕਾਰ ਚੋਰੀ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰਾਤ ਨੌਂ ਵਜੇ ਤੋਂ ਪਹਿਲਾਂ ਘਟਨਾ ਸਥਾਨ ‘ਤੇ ਪਹੁੰਚੇ ਸਨ, ਪਰ ਉਥੇ ਮੌਜੂਦ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸੈਂਕੜੇ ਲੋਕਾਂ ਦੀ ਭੀੜ ‘ਤੇ ਗੋਲੀਆਂ ਚਲਾਈਆਂ ਗਈਆਂ।
ਸਾਈਰਾਕਯੂਜ਼ ਦੇ ਮੇਅਰ ਬੇਨ ਵਾਲਸ਼ ਨੇ ਕਿਹਾ ਕਿ ਜਸ਼ਨ ਸਾਈਰਾਕਯੂਜ਼ ਦੇ ਵਪਾਰਕ ਖੇਤਰ ਦੇ ਨਜ਼ਦੀਕ ਜਸ਼ਨ ਮਨਾਇਆ ਜਾ ਰਿਹਾ ਸੀ, ਉਸ ਦੌਰਾਨ ਹੀ ਗੋਲੀਆਂ ਚੱਲੀਆਂ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਮੇਅਰ ਨੇ ਕਿਹਾ, “ਅਸੀਂ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੰਦੇ।” ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਜਸ਼ਨ ਕਿਉਂ ਮਨਾਇਆ ਜਾ ਰਿਹਾ ਸੀ। ਸਾਈਰਾਕਯੂਜ਼ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।