ਕੈਲੀਫੋਰਨੀਆ : ਅਮਰੀਕਾ-ਕੈਨੇਡਾ ‘ਚ ਪੰਜਾਬੀ ਲੋਕ ਵੱਡੀ ਗਿਣਤੀ ‘ਚ ਟਰੱਕ ਡਰਾਈਵਿੰਗ ਦਾ ਧੰਦਾ ਕਰਦੇ ਹਨ। ਬੀਤੇ ਦਿਨ ਸਵੇਰੇ 9 ਵਜੇ ਕੈਲੀਫੋਰਨੀਆਂ ਦੇ ਫਰੀਵੇਅ 5 ਤੇ ਪੈਂਦੇ ਸ਼ਹਿਰ ਸੈਂਟਾ-ਨੈਲਾ ਦੇ ਪੈਟਰੋ ਟਰੱਕ ਸਟਾਪ ‘ਤੇ ਤੇਲ ਪਵਾਉਣ ਦੀ ਵਾਰੀ ਨੂੰ ਲੈ ਕੇ ਦੋ ਪੰਜਾਬੀ ਟਰੱਕ ਡਰਾਇਵਰ ਆਪਸ ‘ਚ ਭਿੜ ਗਏ। ਹੌਲੀ-ਹੌਲੀ ਗੱਲ ਹੱਥੋਂ ਪਾਈ ਤੋਂ ਵੱਢ-ਟੁੱਕ ਤੱਕ ਪਹੁੰਚ ਗਈ।
ਇਸ ਦੌਰਾਨ ਸੈਕਰਾਮੈਂਟੋ ਨਿਵਾਸੀ ਕੁਲਦੀਪ ਸਿੰਘ ਸੰਧੂ, ਜੋ ਅੰਮ੍ਰਿਤਧਾਰੀ ਹੈ, ਨੇ ਆਪਣੀ ਗਾਤਰੇ ਵਾਲੇ ਕਿਰਪਾਨ ਨਾਲ ਦੂਸਰੇ ਡਰਾਈਵਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਮਰਸਿੱਡ ਕਾਉਂਟੀ ਸ਼ੈਰਫ ਪੁਲਿਸ ਨੇ ਕੁਲਦੀਪ ਸਿੰਘ ਨੂੰ ਦੂਸਰੇ ਡਰਾਈਵਰ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਇਰਾਦਾ ਕਤਲ ਕੇਸ ‘ਚ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦੂਸਰਾ ਡਰਾਈਵਰ ਵੀ ਪੰਜਾਬੀ ਹੀ ਦੱਸਿਆ ਜਾ ਰਿਹਾ ਹੈ। ਉਸ ਨੂੰ ਗੰਭੀਰ ਹਾਲਤ ‘ਚ ਹੈਲੀਕਾਪਟਰ ਰਾਹੀ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਂਕਿ ਮਰਸਿੱਡ ਕਾਉਂਟੀ ਸ਼ੈਰਫ ਪੁਲਿਸ ਨੇ ਜ਼ਖਮੀ ਡਰਾਈਵਰ ਦੀ ਪਹਿਚਾਣ ਜਾਰੀ ਨਹੀਂ ਕੀਤੀ ਹੈ।