ਵਾਸ਼ਿੰਗਟਨ : ਵਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਮਾਰਕ ਮੀਡੋਜ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਵਿਚ ਅਗਾਮੀ ਰਾਸ਼ਟਰਪਤੀ ਚੋਣਾਂ ਅਪਣੇ ਤੈਅ ਸਮੇਂ ਦੇ ਅਨੁਸਾਰ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਦੀ ਤਾਰੀਕ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਰਾਸ਼ਟਰਪਤੀ ਚੋਣਾਂ 3 ਨਵੰਬਰ ਨੂੰ ਹੀ ਹੋਣਗੀਆਂ ਅਤੇ ਇਸ ਵਿਚ ਰਾਸ਼ਟਰਪਤੀ ਟਰੰਪ ਦੀ ਜਿੱਤ ਹੋਵੇਗੀ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਚੋਣਾਂ ਟਾਲਣ ਦਾ ਸੁਝਾਅ ਦਿੱਤਾ ਸੀ। ਟਰੰਪ ਨੇ ਮੇਲ ਇਨ ਬੈਲਟ ‘ਚ ਗੜਬੜੀ ਦਾ ਖਦਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਸੀ ਕਿ ਇਹ ਚੋਣਾਂ ਇਤਿਹਾਸ ਦੇ ਸਭ ਤੋਂ ਫਰਜ਼ੀ ਚੋਣਾਂ ਹੋਣਗੀਆਂ ਅਤੇ ਅਮਰੀਕਾ ਦੇ ਲਈ ਸ਼ਰਮਿੰਦਗੀ ਦਾ ਕਾਰਨ ਬਣਨਗੀਆਂ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਤੋਂ ਇਨਕਾਰ ਵੀ ਕਰ ਦਿੱਤਾ ਸੀ।
ਟਰੰਪ ਵੱਲੋਂ ਉਠਾਏ ਗਏ ਇਸ ਮੁੱਦੇ ‘ਤੇ ਮੀਡੋਜ ਨੇ ਕਿਹਾ ਕਿ ਟਰੰਪ ਨੇ ਸਿਰਫ ਮੇਲ ਇਨ ਬੈਲਟ ‘ਤੇ ਅਪਣੀ ਚਿੰਤਾ ਸਭ ਦੇ ਸਾਹਮਣੇ ਰੱਖੀ ਸੀ। ਉਨ੍ਹਾਂ ਦਾ ਵੀ ਇਹੀ ਮੰਨਣਾ ਹੈ ਕਿ ਦੇਸ਼ਾਂ ਵਿਚ ਚੋਣ ਸਮੇਂ ‘ਤੇ ਹੋਣੀ ਚਾਹੀਦੀ ਹੈ। ਮੀਡੋਜ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਮੇਲ ਇਨ ਬੈਲਟ ਨੂੰ ਲੈ ਕੇ ਚਿੰਤਾ ਕਰਨਾ ਜਾਇਜ਼ ਹੈ। ਜੇਕਰ ਅਸੀਂ 100 ਫੀਸਦੀ ਵੋਟਿੰਗ ਇਸ ਦੇ ਜ਼ਰੀਏ ਕਰਾਵਾਂਗੇ ਤਾਂ ਵੋਟਿੰਗ ਦੇ ਨਤੀਜੇ ਆਉਣ ਵਿਚ ਸਮਾਂ ਲੱਗੇਗਾ।