ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਵੇਂ ਸਾਲ ‘ਤੇ ਪਰਵਾਸੀ ਕਾਮਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਪਹਿਲਾਂ ਤੋਂ ਵਰਕ ਵੀਜ਼ਾ ‘ਤੇ ਲੱਗੀਆਂ ਪਾਬੰਦੀਆਂ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਇਹ ਰੋਕ 31 ਮਾਰਚ 2021 ਤੱਕ ਪ੍ਰਭਾਵੀ ਰਹੇਗੀ।
ਟਰੰਪ ਨੇ ਵੀਰਵਾਰ ਨੂੰ ਉਸ ਆਦੇਸ਼ ‘ਤੇ ਦਸਤਖਤ ਕਰ ਦਿੱਤੇ, ਜਿਸ ਵਿੱਚ ਕੋਰੋਨਾ ਵਾਇਰਸ ਕਾਰਨ ਵਰਕ ਵੀਜ਼ਾ ਜਾਰੀ ਕਰਨ ਦੇ ਕੰਮ ਨੂੰ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਟਰੰਪ ਨੇ ਵੀਰਵਾਰ ਦੇ ਆਦੇਸ਼ ਪੱਤਰ ‘ਚ ਲਿਖਿਆ ਸੰਯੁਕਤ ਰਾਜ ਅਮਰੀਕਾ ਦੇ ਲੇਬਰ ਬਾਜ਼ਾਰ ਅਤੇ ਅਮਰੀਕੀਆਂ ਦੀ ਸਿਹਤ ‘ਤੇ ਕੋਵਿਡ ਦਾ ਪ੍ਰਭਾਵ ਰਾਸ਼ਟਰੀ ਪੱਧਰ ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ ਦੀ ਦਰ, ਰਾਜਾਂ ਵੱਲੋਂ ਜਾਰੀ ਨੌਕਰੀਆਂ ‘ਤੇ ਮਹਾਮਾਰੀ ਸਬੰਧੀ ਰੋਕ ਅਤੇ ਜੂਨ ਤੋਂ ਕੋਰੋਨਾ ਵਾਇਰਸ ਸੰਕਰਮਣ ਦੇ ਵਧਣ ਦਾ ਹਵਾਲਾ ਵੀ ਦਿੱਤਾ।
ਇਨ੍ਹਾਂ ਪਾਬੰਦੀਆਂ ਨੇ ਅਮਰੀਕਾ ‘ਚ ਕੰਮ ਕਰਨ ਲਈ ਵਿਦੇਸ਼ੀ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਅਸਥਾਈ ਵੀਜ਼ਾ ਨੂੰ ਵੀ ਰੋਕ ਦਿੱਤਾ। ਜਿਸ ‘ਚ H-2B ਪ੍ਰੋਗਰਾਮ ਵੀ ਸ਼ਾਮਲ ਹੈ, ਜੋ ਖੇਤੀਬਾੜੀ ਮਜ਼ਦੂਰਾਂ ਲਈ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ H-1B ਵੀਜ਼ਾ ਵੀ ਸ਼ਾਮਲ ਹੈ।