ਵਾਸ਼ਿੰਗਟਨ : ਭਾਰਤ ਅਤੇ ਚੀਨ ਦਰਮਿਆਨ ਸਰਹੱਦ ‘ਤੇ ਵਿਵਾਦ ਹੁਣ ਖ਼ਤਮ ਹੋਣ ਵੱਲ ਹੈ ਅਤੇ ਦੋਹਾਂ ਦੇਸ਼ਾਂ ਵਿਚਾਲੇ ਨਰਮੀ ਦੇ ਸੰਕੇਤ ਹਨ। ਇਸ ਦੌਰਾਨ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ ਮਾਰਕ ਮੈਡਵੋ ਨੇ ਸੋਮਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਜੇਕਰ ਭਾਰਤ ਤੇ ਚੀਨ ਵਿਚਕਾਰ ਜੰਗ ਦੇ ਹਾਲਾਤ ਬਣਦੇ ਹਨ, ਤਾਂ ਇਹ ਸਪਸ਼ਟ ਹੈ ਕਿ ਅਮਰੀਕੀ ਫ਼ੌਜ ਭਾਰਤ ਦਾ ਹੀ ਸਾਥ ਦੇਵੇਗੀ।
ਵ੍ਹਾਈਟ ਹਾਊਸ ਨੇ ਸਪਸ਼ਟ ਕਿਹਾ ਕਿ ਅਮਰੀਕਾ ਚੀਨ ਨੂੰ ਏਸ਼ੀਆ ‘ਚ ਦਾਦਾਗਿਰੀ ਕਰਨ ਨਹੀਂ ਦੇ ਸਕਦਾ। ਵ੍ਹਾਈਟ ਹਾਊਸ ਦੇ ਇਸ ਐਲਾਨ ਤੋਂ ਕੁੱਝ ਦੇਰ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਚੀਨ ਦੇ ਕਾਰਨ ਅਮਰੀਕਾ ਸਮੇਤ ਦੁਨੀਆ ਨੂੰ ਭਾਰੀ ਨੁਕਸਾਨ ਹੋਇਆ ਹੈ।
ਮਾਰਕ ਮੈਡਵੋ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ‘ਚ ਕਿਹਾ, ਅਮਰੀਕੀ ਸੈਨਾ ਹਰ ਸਮੇਂ ਤਾਇਨਾਤ ਹੈ ਅਤੇ ਲੜਾਈ ਲਈ ਤਿਆਰ ਹੈ। ਮਾਰਕ ਨੇ ਕਿਹਾ ਕਿ ਅਮਰੀਕੀ ਪ੍ਰਸਾਸ਼ਨ ਨੇ ਹਮੇਸ਼ਾ ਸੈਨਾ ਦਾ ਸਾਥ ਦਿੱਤਾ ਹੈ। ਇਸ ਲਈ ਅਮਰੀਕੀ ਸੈਨਾ ਭਾਰਤ ਅਤੇ ਚੀਨ ਦੇ ਵਿਚਕਾਰ ਜਾਂ ਕਿਸੇ ਵੀ ਸੰਘਰਸ਼ ਦੇ ਸਬੰਧ ‘ਚ ਹਮੇਸ਼ਾ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਮਰੀਕਾ ਭਾਰਤ ਦੇ ਹੱਕ ‘ਚ ਖੜ੍ਹੇ ਹੋਣ ਦੀ ਗੱਲ ਕਹਿ ਚੁੱਕਾ ਹੈ। ਪਿਛਲੇ ਦਿਨੀਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਆਪਣੀ ਫੌਜ ਏਸ਼ੀਆ ਭੇਜ ਦੇਵੇਗਾ, ਕਿਉਂਕਿ ਚੀਨ ਵੱਲੋਂ ਭਾਰਤ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਵੀ ਲਗਾਤਾਰ ਚੀਨ ਖਿਲਾਫ ਤਿੱਖੀ ਬਿਆਨਬਾਜ਼ੀ ਕਰਦੇ ਰਹੇ ਹਨ।