ਵਾਸ਼ਿੰਗਟਨ: ਜਦੋਂ ਤੋਂ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ, ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਰਹੇ ਹਨ। ਇਸ ਦੌਰਾਨ ਅਮਰੀਕੀ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਅਮਰੀਕਾ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਜਾਰੀ ਕਰਨ ’ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਜਾਣਕਾਰੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਾਂਝੀ ਕੀਤੀ।
21 ਅਗਸਤ ਨੂੰ ਇੱਕ ਪੋਸਟ ਵਿੱਚ ਮਾਰਕੋ ਰੁਬੀਓ ਨੇ ਲਿਖਿਆ, “ਅਸੀਂ ਤੁਰੰਤ ਪ੍ਰਭਾਵ ਨਾਲ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਜਾਰੀ ਕਰਨ ’ਤੇ ਰੋਕ ਲਗਾ ਰਹੇ ਹਾਂ।” ਇਸ ਫੈਸਲੇ ਦਾ ਕਾਰਨ ਭਾਰਤੀ ਮੂਲ ਦਾ ਹਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਗਲਤੀ ਕਾਰਨ ਫਲੋਰੀਡਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਅਮਰੀਕੀ ਵਿਦੇਸ਼ ਮੰਤਰੀ ਨੇ ਕੀ ਕਿਹਾ?
ਰੁਬੀਓ ਨੇ ਐਕਸ ’ਤੇ ਲਿਖਿਆ, “ਅਮਰੀਕੀ ਸੜਕਾਂ ’ਤੇ ਵੱਡੇ ਟਰੈਕਟਰ-ਟਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਗਿਣਤੀ ਵਧਣ ਨਾਲ ਅਮਰੀਕੀ ਲੋਕਾਂ ਦੀ ਜਾਨ ਨੂੰ ਖਤਰਾ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪੈ ਰਿਹਾ ਹੈ। ਅਸੀਂ ਵਰਕਰ ਵੀਜ਼ਾ ਜਾਰੀ ਕਰਨ ’ਤੇ ਪਾਬੰਦੀ ਲਗਾ ਰਹੇ ਹਾਂ।”
ਇਹ ਫੈਸਲਾ ਕਿਉਂ?
ਇਹ ਐਲਾਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐਚਐਸ) ਵੱਲੋਂ ਹਰਜਿੰਦਰ ਸਿੰਘ ਲਈ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਆਇਆ। ਡੀਐਚਐਸ ਅਨੁਸਾਰ, ਹਰਜਿੰਦਰ ਸਿੰਘ, ਜੋ 2018 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਉਸ ਨੇ 12 ਅਗਸਤ ਨੂੰ ਫਲੋਰੀਡਾ ਦੇ ਰਾਜਮਾਰਗ ’ਤੇ ਸਿਰਫ ਅਧਿਕਾਰਤ ਵਰਤੋਂ ਵਾਲੇ ਪੁਆਇੰਟ ਤੋਂ ਗੈਰ-ਕਾਨੂੰਨੀ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਸ ਦੇ ਟਰੱਕ ਨੇ ਸਾਰੀਆਂ ਲੇਨਾਂ ਨੂੰ ਰੋਕ ਦਿੱਤਾ, ਜਿਸ ਕਾਰਨ ਇੱਕ ਮਿੰਨੀਵੈਨ ਦੀ ਟਰੱਕ ਨਾਲ ਟੱਕਰ ਹੋਈ ਅਤੇ ਤਿੰਨ ਲੋਕਾਂ ਦੀ ਜਾਨ ਚਲੀ ਗਈ। ਸਿੰਘ ਨੂੰ ਵਾਹਨ ਨਾਲ ਕਤਲ ਦੇ ਤਿੰਨ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮੇ ਤੋਂ ਬਾਅਦ ਉਸ ਨੂੰ ਡਿਪੋਰਟ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।