ਵਾਸ਼ਿੰਗਟਨ : ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਅਜਿਹੇ ‘ਚ ਡੈਮੋਕ੍ਰੇਟਿਕ ਪਾਰਟੀ ਨੇ ਮੰਗਲਵਾਰ ਨੂੰ ਜੋ ਬਿਡੇਨ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਜੋ ਕਿ ਚੋਣਾਂ ‘ਚ ਮੌਜੂਦ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਟੱਕਰ ਦੇਣਗੇ।
ਇਹ ਐਲਾਨ ਪਾਰਟੀ ਦੇ ਚਾਰ ਦਿਵਸੀ ਰਾਸਟਰੀ ਸੰਮੇਲਨ ‘ਚ ਕੀਤਾ ਗਿਆ। ਇਸ ਦੌਰਾਨ ਸਾਬਕਾ ਅਤੇ ਮੌਜੂਦਾ ਡੈਮੋਕ੍ਰੇਟਿਕ ਲੀਡਰਾਂ ਅਤੇ ਸਪੀਕਰਾਂ ਨੇ ਬਿਡੇਨ ਨੂੰ ਆਪਣਾ ਸਮੱਰਥਨ ਦਿੱਤਾ। ਹਾਲਾਂਕਿ ਇਨ੍ਹਾਂ ਚੋਣਾਂ ਲਈ ਉਨ੍ਹਾਂ ਦਾ ਨਾਮ ਪਹਿਲਾਂ ਹੀ ਤੈਅ ਹੋ ਚੁੱਕਿਆ ਸੀ ਪਰ ਇਸ ਦਾ ਅਧਿਕਾਰਕ ਤੌਰ ਉੱਤੇ ਐਲਾਨ ਹੋਣਾ ਅਜੇ ਬਾਕੀ ਸੀ। ਦੱਸ ਦਈਏ ਕਿ ਜੋ ਬਿਡੇਨ ਨੇ ਇਸ ਤੋਂ ਪਹਿਲਾਂ ਦੋ ਵਾਰ ਰਾਸ਼ਟਰਪਤੀ ਪਦ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ‘ਚ ਸਫ਼ਲ ਨਹੀਂ ਹੋ ਸਕੇ ਸਨ। ਇਸ ਵਾਰ ਰਾਸ਼ਟਰਪਤੀ ਚੋਣ ‘ਚ ਉਮੀਦਵਾਰ ਬਣਨ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਨਮਾਨ ਹੈ।
ਜੋ ਬਿਡੇਨ ਨੇ ਟਵਿੱਟਰ ‘ਤੇ ਲਿਖਿਆ, ‘ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਹੈ।’ ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਦੇ ਦੂਜੇ ਦਿਨ ਬਿਡੇਨ ਦਾ ਨਾਂ ਨੌਮੀਨੇਟ ਕੀਤਾ ਗਿਆ।
It is the honor of my life to accept the Democratic Party's nomination for President of the United States of America. #DemConvention
— Joe Biden (@JoeBiden) August 19, 2020
ਦੱਸ ਦਈਏ ਕਿ ਇਸ ਸਾਲ 3 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਣੀ ਹੈ ਜਿਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ।