ਓਟਾਵਾ: ਅਮਰੀਕਾ ਜਾਣ ਵਾਲੇ ਜਿਨ੍ਹਾਂ ਕੈਨੇਡੀਅਨ ਟਰੱਕ ਡਰਾਈਵਰਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਵੇਗੀ ਉਨ੍ਹਾਂ ਨੂੰ ਇਸ ਵੀਕਐਂਡ ਲਾਗੂ ਹੋਣ ਜਾ ਰਹੇ ਲਾਜ਼ਮੀ ਵੈਕਸੀਨ ਨਿਯਮ ਤੋਂ ਛੋਟ ਨਹੀਂ ਮਿਲੇਗੀ।
ਕੈਨੇਡਾ ਟਰਾਂਸਪੋਰਟੇਸ਼ਨ, ਸਿਹਤ ਤੇ ਪਬਲਿਕ ਸੇਫਟੀ ਮੰਤਰੀਆਂ ਨੇ ਬਿਆਨ ਦਿੰਦਿਆਂ ਕਿਹਾ ਕਿ ਕੈਨੇਡਾ ਆਉਣ ਵਾਲੇ ਟਰੱਕ ਡਰਾਈਵਰਾਂ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੈ। ਜਿਨ੍ਹਾਂ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਉਨ੍ਹਾਂ ਦੀ ਪੀਸੀਆਰ ਟੈਸਟਿੰਗ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਕੁਆਰੰਨਟੀਨ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਪੱਤਰਕਾਰਾਂ ਨੂੰ ਇਹ ਦੱਸਿਆ ਗਿਆ ਸੀ ਕਿ ਸਰਹੱਦ ਪਾਰ ਕਰਨ ਵਾਲੇ ਅਨਵੈਕਸੀਨੇਟਿਡ ਕੈਨੇਡੀਅਨ ਟਰੱਕ ਡਰਾਈਵਰਜ਼ ਦਾ ਕਿਸੇ ਤਰ੍ਹਾਂ ਦਾ ਕੋਵਿਡ ਟੈਸਟ ਨਹੀਂ ਕੀਤਾ ਜਾਵੇਗਾ ਤੇ ਨਾਂ ਹੀ ਉਨ੍ਹਾਂ ਨੂੰ ਕੁਆਰੰਨਟੀਨ ਦੀਆਂ ਸ਼ਰਤਾਂ ਹੀ ਪੂਰੀਆਂ ਕਰਨੀਆਂ ਹੋਣਗੀਆਂ। ਪਰ ਹੁਣ ਸਰਕਾਰ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਕਿਸੇ ਬੁਲਾਰੇ ਵੱਲੋਂ ਗਲਤੀ ਨਾਲ ਸਾਂਝੀ ਕਰ ਦਿੱਤੀ ਗਈ ਸੀ।