ਸ੍ਰੀ ਦਰਬਾਰ ਸਾਹਿਬ ਵਿਖੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਵੱਲੋਂ 8 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ ਸੋਲਰ ਸਿਸਟਮ ਦੀ ਸੇਵਾ

TeamGlobalPunjab
3 Min Read

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਅਤੇ ਸਿੱਖ ਲੈਨਜ਼ ਫਾਉਂਡੇਸ਼ਨ ਕੈਲੀਫੋਰਨੀਆ ਦੇ ਵਫਦ ਨਾਲ ਮੀਟਿੰਗ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਸਿਸਟਮ ਲਗਾਉਣ ਦੇ ਫੈਸਲੇ ਮਗਰੋਂ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਮੁੱਖੀ ਰਛਪਾਲ ਸਿੰਘ ਢੀਂਡਸਾ ਨੇ ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਕੀਤੀ ਸੀ ਜਿਸ ਨੂੰ ਪ੍ਰਵਾਨ ਕੀਤਾ ਹੈ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੇਵਾ ਯੂਨਾਈਟਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਉਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਇਹ ਸੋਲਰ ਸਿਸਟਮ ਇਕ ਮੈਗਾਵਾਟ ਦਾ ਹੋਵੇਗਾ, ਜਿਸ ਪੁਰ ਲੱਗਭਗ 8 ਕਰੋੜ ਖਰਚ ਆਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਚਾਲੂ ਹੋਣ ਨਾਲ ਸਾਲਾਨਾ ਇੱਕ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਪ੍ਰੋਜੈਕਟ ਤਖ਼ਤ ਸਾਹਿਬਾਨਾਂ ਦੇ ਨਾਲ-ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ’ਚ ਵੀ ਲਗਾਇਆ ਜਾਵੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਦੇਸ਼ਾਂ ’ਚ ਵਸਦੀ ਸਿੱਖ ਸੰਗਤ ਦੇ ਮਨ ਅੰਦਰ ਗੁਰੂ ਘਰਾਂ ਪ੍ਰਤੀ ਅਥਾਹ ਸ਼ਰਧਾ ਹੈ। ਸਿੱਖ ਸੰਗਤਾਂ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਵੱਡਭਾਗਾ ਮਹਿਸੂਸ ਕਰਦੀਆਂ ਹਨ। ਉਨ੍ਹਾਂ ਇਸ ਕਾਰਜ ਲਈ ਯੂਨਾਈਟਡ ਸਿੱਖ ਮਿਸ਼ਨ ਤੇ ਸਿੱਖ ਲੈਨਜ਼ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਅਤੇੇ ਰਛਪਾਲ ਸਿੰਘ ਮੁੱਖੀ ਯੂਨਾਈਟਡ ਸਿੱਖ ਮਿਸ਼ਨ ਤੇ ਵਫਦ ਮੈਂਬਰਾਂ ਦਾ ਲੋਈ, ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨ ਕੀਤਾ।

ਇਸ ਮੌਕੇ ਯੂਨਾਈਟਡ ਸਿੱਖ ਮਿਸ਼ਨ ਦੇ ਮੁੱਖੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜਾਰ ਹਾਂ ਜਿੰਨ੍ਹਾਂ ਨੇ ਕ੍ਰਿਪਾ ਕਰਕੇ ਸਾਨੂੰ ਇਸ ਸੇਵਾ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਬੈਠਾ ਹਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਦੀ ਚਾਹਤ ਰੱਖਦਾ ਹੈ। ਉਨ੍ਹਾਂ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਕਾਰਜ ਨੂੰ ਕਰੀਬ ਚਾਰ ਮਹੀਨੇ ਵਿਚ ਪੂਰਾ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਦੱਸਿਆ ਕਿ ਸੱਤ ਕੰਪਨੀਆਂ ਵੱਲੋਂ ਸਾਡੇ ਪਾਸ ਪ੍ਰਪੋਜ਼ਲ ਪਹੁੰਚੀ ਹੈ, ਜਿਸ ’ਤੇ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਟੀਮ ਕੰਮ ਕਰ ਰਹੀ ਹੈ, ਜਿਸ ਵਿਚ ਬਲਦੇਵ ਸਿੰਘ ਕੰਗ, ਬਲੌਰ ਸਿੰਘ ਰਿਟਾਇਡ ਡਾਇਰੈਕਟਰ ਪੇਡਾ, ਐਨ.ਪੀ. ਸਿੰਘ ਸਾਬਕਾ ਡੀਨ ਪੀਟੀਯੂ, ਮਾਸਟਰ ਰਣਜੀਤ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਹਨ।

Share This Article
Leave a Comment