ਚੰਡੀਗੜ੍ਹ: ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨਾ ਨੇ ਕਿਹਾ ਕਿ ਦੇਸ਼ ਵਿਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਜਲਦ ਹੀ ਕੌਮੀ ਪੱਧਰ ਦੀ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਮੇਟੀ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਨਾਉਣ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਸਿਖਲਾਈ ਵੀ ਦਿੱਤੀ ਜਾਵੇਗੀ। ਜੇਕਰ ਦੇਸ਼ ਦੇ ਕਿਸਾਨ ਕੁਦਰਤੀ ਖੇਤੀ ਨੂੰ ਸਹੀ ਢੰਗ ਨਾਲ ਅਪਨਾਉਣਗੇ ਤਾਂ ਯਕੀਨੀ ਤੌਰ ‘ਤੇ ਕਿਸਾਨਾਂ ਨੂੰ ਨਾ ਸਿਰਫ ਚੰਗੀ ਆਮਦਨ ਹੋਵੇਗੀ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਬਚਾਇਆ ਜਾ ਸਕੇਗਾ। ਇਸ ਨਾਲ ਹੀ ਨਾਗਰਿਕਾਂ ਨੂੰ ਬਿਨਾਂ ਦਵਾਈ ਅਤੇ ਪੇਸਟੀਸਾਇਡ ਦੇ ਸਬਜੀਆਂ, ਅਨਾਜ ਅਤੇ ਫਲ ਮਿਲ ਸਕਣਗੇ।
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਜਿਲਾ ਕੁਰੂਕਸ਼ੇਤਰ ਦੇ ਪਿੰਡ ਕੈਂਥਲਾ ਵਿਚ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਦੀ ਦੇਖ-ਰੇਖ ਵਿਚ ਕੀਤੀ ਜਾ ਰਹੀ ਕੁਦਰਤੀ ਖੇਤੀ ਨੂੰ ਵੇਖਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੇ ਗੁਰੂਕੁਲ ਕੁਰੂਕਸ਼ੇਤਰ ਦਾ ਦੌਰਾ ਕੀਤਾ। ਇੱਥੇ ਦੇਸੀ ਨਸਲ ਦੀਆਂ ਗਾਂ ਦੀ ਗੌਸ਼ਾਲਾ, ਗੋਬਰ ਗੈਸ ਪਲਾਂਟ, ਗੁਰੂਕੁਲ ਹੋਸਟਲ ਅਤੇ ਹੋਰ ਸੰਸਥਾਨਾਂ ਨੂੰ ਵੀ ਵੇਖਿਆ ਅਤੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਨੇ ਕੇਂਦਰੀ ਮੰਤਰੀ ਨੂੰ ਗੁਰੂਕੁਲ ਦੀਆਂ ਪ੍ਰਾਪਤੀਆਂ ਅਤੇ ਉਪਲੱਬਧੀਆਂ ਬਾਰੇ ਵਿਸਥਾਰ ਨਾਲ ਦਸਿਆ। ਇਸ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ, ਹਰਿਆਣਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਾਮ ਸਿੰਘ ਰਾਣਾ ਨੇ ਪਿੰਡ ਕੈਂਥਲਾ ਵਿਚ ਕੀਤੀ ਜਾ ਰਹੀ ਕੁਦਰਤੀ ਖੇਤੀ ਨੂੰ ਵੇਖਿਆ।
ਕੇਂਦਰੀ ਮੰਤਰੀ ਨੇ ਕੈਂਥਲਾ ਕੁਦਰਤੀ ਖੇਤੀ ਦੇ ਫਾਰਮ ਹਾਊਸ ਵਿਚ ਕਣਕ, ਗੰਨੇ ਦੀ ਫਸਲ ਦੇ ਨਾਲ-ਨਾਲ ਸਬਜੀਆਂ ਅਤੇ ਫਲਦਾਰ ਪੌਧਿਆਂ ਨੂੰ ਵੇਖ ਕੇ ਹੈਰਾਨ ਹੋ ਗਏ। ਨਾਲ ਹੀ ਕੇਂਦਰੀ ਮੰਤਰੀ ਨੇ ਗੁੜ ਬਣਨ ਦੀ ਪ੍ਰਕ੍ਰਿਆ ਨੂੰ ਵੇਖਿਆ ਅਤੇ ਤਾਜੇ ਗੁੜ ਦਾ ਸੁਆਦ ਵੀ ਚੱਖਿਆ। ਇਹ ਸੱਭ ਵੇਖਣ ਤੋਂ ਬਾਅਦ ਕੇਂਦਰੀ ਮੰਤਰੀ ਨੇ ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵਰਤ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁਰੂਕੁਲ ਦੇ ਖੇਤਾਂ ਵਿਚ ਕੁਦਰਤੀ ਖੇਤੀ ਦੇ ਵਿਹਾਰਕ ਢੰਗ ਨੂੰ ਵੇਖਕੇ ਉਨ੍ਹਾਂ ਨੂੰ ਵਧੀਆ ਲਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਸਹੀ ਸਮਾਂ ਹੈ ਕਿ ਕੁਦਰਤੀ ਖੇਤੀ ਨੂੰ ਅਪਨਾਇਆ ਜਾਵੇ। ਇਸ ਕੁਦਰਤੀ ਖੇਤੀ ਨੂੰ ਹੋਲੀ-ਹੋਲੀ ਅਪਨਾਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਕਿਸਾਨਾਂ ਦੀ ਸੋਚ ਗਲਤ ਹੈ ਕਿ ਕੁਦਰਤੀ ਖੇਤੀ ਨੂੰ ਅਪਨਾਉਣ ਨਾਲ ਉਤਪਾਦਨ ਘੱਟਦਾ ਹੈ, ਲੇਕਿਨ ਸਹੀ ਢੰਗ ਨਾਲ ਕੁਦਰਤੀ ਖੇਤੀ ਨੂੰ ਅਪਨਾਇਆ ਜਾਵੇ ਤਾਂ ਉਤਪਾਦ ਦੇ ਨਾਲ-ਨਾਲ ਅਨਾਜ ਦੀ ਗੁਣਵੱਤਾ ਅਤੇ ਧਰਤੀ ਵੀ ਬਚ ਜਾਵੇਗੀ। ਇਸ ਖੇਤੀ ਨਾਲ ਇਕ ਵਾਰ ਵਿਚ ਕਈ ਫਸਲਾਂ ਲਈ ਜਾ ਸਕਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਪਿੰਡ ਕੈਂਥਲਾ ਨੂੰ ਕੁਦਰਤੀ ਖੇਤੀ ਦੇ ਮਾਡਲ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੁਦਰਤੀ ਖੇਤੀ ਦੇ ਮਿਸ਼ਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਗੁਜਰਾਤ ਦੇ ਰਾਜਪਾਲ ਸ਼ਲਾਘਾਯੋਗ ਕੰਮ ਕਰ ਰਹੇ ਹਨ।