ਸਿਸਵਾਂ ਫ਼ਾਰਮ ਹਾਊਸ ਦਾ ਘਿਰਾਓ ਕਰਨ ਪੁੱਜੇ 100 ਦੇ ਲਗਭਗ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ) : ਚੰਡੀਗੜ੍ਹ ‘ਚ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਅੱਜ ਸਿਸਵਾਂ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਿਆ। ਸ਼ਾਂਤਮਈ ਤਰੀਕੇ ਨਾਲ 250 ਦੇ ਲਗਭਗ ਅਧਿਆਪਕ ਸਿਸਵਾਂ ਫ਼ਾਰਮ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ ਇਸੇ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਜਬਰੀ 100 ਤੋਂ ਵੱਧ ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬੇਰੁਜ਼ਗਾਰ ਅਧਿਆਪਕਾਂ ਨੇ ਮੋਹਾਲੀ ਸਿੱਖਿਆ ਬਿਲਡਿੰਗ ਦੇ ਸਾਹਮਣੇ ਧਰਨਾ ਲਾਇਆ ਤੇ 5 ਅਧਿਆਪਕ ਬਿਲਡਿੰਗ ‘ਤੇ ਚੜ੍ਹ ਗਏ ਤੇ ਇਕ ਮਹਿਲਾ ਟੀਚਰ ਨੇ ਸਲਫਾਸ ਵੀ ਖਾ ਲਈ ਸੀ। ਧਰਨੇ ‘ਤੇ ਬੈਠੇ ਅਧਿਆਪਕ ਯੂਨੀਅਨ ਦੇ ਵਫਦ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੀਟਿੰਗਾਂ ਵੀ ਹੋਈਆਂ ਪਰ ਹਾਲੇ ਤੱਕ ਕੋਈ ਵੀ ਪੁਖਤਾ ਹੱਲ ਨਹੀਂ ਨਿੱਕਲ ਸਕਿਆ ਹੈ।

 

ਅੱਜ ਸਵੇਰੇ ਬੇਰੁਜ਼ਗਾਰ ਅਧਿਆਪਕ ਬੈਨਰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਨੂੰ ਘੇਰਨ ਤੁਰ ਪਏ ਤੇ ਉਥੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਲਗਭਗ ਇਕ ਘੰਟੇ ਤੱਕ ਮੁੱਖ ਮੰਤਰੀ ਨਿਵਾਸ ਦੇ ਬਾਹਰ ਮੁਜ਼ਾਹਰਾ ਕਰਨ ਤੋਂ ਬਾਅਦ ਪੁਲਿਸ ਨੇ ਮੁਜ਼ਾਹਰਾਕਾਰੀ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

Share This Article
Leave a Comment