ਸੰਯੁਕਤ ਰਾਸ਼ਟਰ : ਯੂਐੱਨ ਮਹਾਂਸਭਾ ਨੇ ਸ਼ੁੱਕਰਵਾਰ ਨੂੰ ਐਂਟੋਨੀਓ ਗੁਟੇਰੇਜ਼ ਨੂੰ ਫਿਰ ਤੋਂ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਦੂਜਾ ਕਾਰਜਕਾਲ 1 ਜਨਵਰੀ 2022 ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਕੌਂਸਲ ਨੇ 193 ਮੈਂਬਰੀ ਸੰਸਥਾ ਲਈ ਗੁਟੇਰੇਜ਼ ਦੇ ਨਾਂਅ ’ਤੇ ਸਰਬਸੰਮਤੀ ਨਾਲ ਮੋਹਰ ਲਾਈ ਸੀ।
ਯੂਐੱਨ ਮਹਾਂਸਭਾ ਦੇ 75ਵੇਂ ਇਜਲਾਸ ਦੇ ਪ੍ਰਧਾਨ ਵੋਲਕਨ ਬੋਜਕਿਰ ਨੇ ਐਲਾਨ ਕੀਤਾ ਕਿ ‘ਗੁਟੇਰੇਜ਼ ਨੂੰ ਫਿਰ ਤੋਂ ਸੰਯੁਕਤ ਰਾਸ਼ਟਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ, ਉਨ੍ਹਾਂ ਦਾ ਦੂਜਾ ਕਾਰਜਕਾਲ ਇੱਕ ਜਨਵਰੀ 2022 ਤੋਂ ਸ਼ੁਰੂ ਹੋਵੇਗਾ ਅਤੇ 31 ਦਸੰਬਰ 2026 ‘ਚ ਖ਼ਤਮ ਹੋਵੇਗਾ।’
ਬੋਜਕਿਰ ਨੇ 72 ਸਾਲਾ ਗੁਟੇਰੇਜ਼ ਨੂੰ ਯੂਐੱਨ ਮਹਾਂਸਭਾ ਦੇ ਹਾਲ ਵਿੱਚ ਸਹੁੰ ਚੁੱਕਵਾਈ।
ਇਸ ਤੋਂ ਪਹਿਲਾਂ, 8 ਜੂਨ ਨੂੰ 15 ਮੈਂਬਰੀ ਕੌਂਸਲ ਦੀ ਬੈਠਕ ‘ਚ ਜਨਰਲ ਸਕੱਤਰ ਦੇ ਅਹੁਦੇ ਲਈ ਸਰਬਸੰਮਤੀ ਨਾਲ ਗੁਟੇਰੇਜ਼ ਦੇ ਨਾਮ ਦੀ ਸਿਫਾਰਿਸ਼ ਵਾਲੇ ਪ੍ਰਸਤਾਵ ਨੂੰ ਅਪਣਾਇਆ ਗਿਆ ਸੀ।
ਗੁਟੇਰੇਜ਼ ਨੇ ਸਹੁੰ ਚੁੱਕਣ ਤੋਂ ਬਾਅਦ ਮਹਾਂਸਭਾ ਵਿੱਚ ਕਿਹਾ ਕਿ, ‘ਇਹ ਇੱਕ ਅਨੌਖਾ ਪਲ ਹੈ, ਮੈਂ ਭਾਵੁਕ ਹੋ ਰਿਹਾ ਹਾਂ। ਤੁਸੀਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਵਜੋਂ ਦੂੱਜੇ ਕਾਰਜਕਾਲ ਵਿੱਚ ਸੇਵਾਵਾਂ ਦੇਣ ਲਈ ਮੇਰੇ ‘ਤੇ ਜੋ ਭਰੋਸਾ ਜਤਾਇਆ ਹੈ, ਉਸ ਦੇ ਲਈ ਮੈਂ ਅਹਿਸਾਨਮੰਦ ਹਾਂ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।’