ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਮੰਗਲਵਾਰ ਨੂੰ ਰੂਸ ਨੇ ਯੂਕਰੇਨ ਦੇ ਦੋ ਸੂਬਿਆਂ ਨੂੰ ਵੱਖ ਦੇਸ਼ ਦੀ ਮਾਨਤਾ ਦਿੱਤੀ ਹੈ ਤਾਂ ਉਥੇ ਹੀ ਬੁੱਧਵਾਰ ਨੂੰ ਅਮਰੀਕਾ ਅਤੇ ਕਈ ਦੂੱਜੇ ਦੇਸ਼ਾਂ ਨੇ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਵਿਚਾਲੇ ਹੁਣ ਯੂਕਰੇਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸੀ ਹਮਲੇ ਦੇ ਖਤਰੇ ਵੱਲ ਇਸ਼ਾਰਾ ਕਰਦੇ ਹੋਏ ਤੁਰੰਤ ਰੂਸ ਛੱਡਣ ਦੀ ਅਪੀਲ ਕੀਤੀ ਹੈ। ਇਸ ਅਪੀਲ ਦੇ ਕਈ ਮਤਲਬ ਕੱਢੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 2.5 ਮਿਲੀਅਨ ਤੋਂ ਵੱਧ ਯੂਕਰੇਨੀ ਨਾਗਰਿਕ ਰੂਸ ਵਿੱਚ ਰਹਿ ਰਹੇ ਹਨ।
ਯੂਕਰੇਨ ਦੀ ਰਾਸ਼ਟਰੀ ਸੁਰੱਖਿਆ ਅਤੇ ਰੱਖਿਆ ਪਰਿਸ਼ਦ ਨੇ ਡੋਨੇਟਸਕ ਅਤੇ ਲੁਹਾਨਸਕ ਲੋਕ ਗਣਰਾਜਾਂ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ, ਜਿੱਥੇ ਕੀਵ ਦੀਆਂ ਫ਼ੌਜਾਂ 2014 ਤੋਂ ਰੂਸ ਪੱਖੀ ਵੱਖਵਾਦੀਆਂ ਨਾਲ ਲੜ ਰਹੀਆਂ ਹਨ। ਐਮਰਜੈਂਸੀ ਦੀ 30 ਦਿਨਾਂ ਦੀ ਸਥਿਤੀ ਨੂੰ 60 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ। ਇਹ ਕਦਮ ਯੂਕਰੇਨ ਦੀ ਸੰਸਦ ਦੀ ਮਨਜ਼ੂਰੀ ਦੇ ਅਧੀਨ ਚੁੱਕਿਆ ਗਿਆ ਹੈ, ਜੋ ਕਿ ਮਾਰਸ਼ਲ ਲਾਅ ਤੋਂ ਇੱਕ ਕਦਮ ਛੋਟਾ ਹੈ।
ਉੱਥੇ ਹੀ ਦੂਜੇ ਪਾਸੇ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਵਧਦੇ ਤਣਾਅ ਦੇ ਵਿਚਾਲੇ ਹੱਲ੍ਹ ਲੱਭਣ ਲਈ ਤਿਆਰ ਹੈ, ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ।
ਇਸ ਦੌਰਾਨ, ਨਿਊਜ਼ੀਲੈਂਡ ਦੀ ਸਰਕਾਰ ਨੇ ਰੂਸ ਦੇ ਰਾਜਦੂਤ ਜਾਰਜੀ ਜ਼ੂਏਵ ਨੂੰ ਬੁੱਧਵਾਰ ਨੂੰ ਚੋਟੀ ਦੇ ਕੂਟਨੀਤਕ ਅਧਿਕਾਰੀਆਂ ਨਾਲ ਮਿਲਣ ਲਈ ਤਲਬ ਕੀਤਾ ਜੋ ਰੂਸ ਨੂੰ ਯੂਕਰੇਨ ‘ਤੇ ਕੂਟਨੀਤਕ ਗੱਲਬਾਤ ‘ਤੇ ਵਾਪਸ ਆਉਣ ਦੀ ਅਪੀਲ ਕਰ ਰਹੇ ਹਨ।