ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਰੈਗਿੰਗ ਮੁਕਤ ਕੈਂਪਸ ਬਣਾਉਣ ਲਈ ਸਖ਼ਤੀ ਨਾਲ ਨਿਯਮ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਨਵੇਂ ਵਿਦਿਆਰਥੀਆਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਯੂਜੀਸੀ ਨੇ ਸਪੱਸ਼ਟ ਕੀਤਾ ਹੈ ਕਿ ਮੌਖਿਕ ਅਪਮਾਨ, ਸਮਾਜਿਕ ਬਾਈਕਾਟ ਦਾ ਡਰ ਪੈਦਾ ਕਰਨਾ ਵੀ ਰੈਗਿੰਗ ਦੇ ਦਾਇਰੇ ’ਚ ਆਉਂਦਾ ਹੈ।
ਵਟਸਐਪ ਗਰੁੱਪ ਬਣਾਉਣਾ ਵੀ ਰੈਗਿੰਗ
ਯੂਜੀਸੀ ਨੂੰ ਹਰ ਸਾਲ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ। ਹੁਣ ਯੂਜੀਸੀ ਨੇ ਕਿਹਾ ਹੈ ਕਿ ਸੀਨੀਅਰ ਵਿਦਿਆਰਥੀ ਅਕਸਰ ਅਣਅਧਿਕਾਰਤ ਵਟਸਐਪ ਗਰੁੱਪ ਬਣਾ ਕੇ ਜੂਨੀਅਰ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਹਨ। ਅਜਿਹੇ ਗਰੁੱਪ ਬਣਾਉਣਾ ਵੀ ਰੈਗਿੰਗ ਮੰਨਿਆ ਜਾਵੇਗਾ ਅਤੇ ਐਂਟੀ-ਰੈਗਿੰਗ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ। ਯੂਨੀਵਰਸਿਟੀਆਂ ਨੂੰ ਅਜਿਹੇ ਗਰੁੱਪਾਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਜੂਨੀਅਰਜ਼ ਨੂੰ ਧਮਕਾਉਣ ’ਤੇ ਸਖ਼ਤੀ
ਕਈ ਜੂਨੀਅਰ ਵਿਦਿਆਰਥੀਆਂ ਨੂੰ ਸੀਨੀਅਰ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਜੇ ਉਹ ਗੱਲ ਨਾ ਮੰਨਣਗੇ ਤਾਂ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ। ਇਹ ਵੀ ਰੈਗਿੰਗ ਦਾ ਹੀ ਰੂਪ ਹੈ। ਸੀਨੀਅਰ ਵਿਦਿਆਰਥੀਆਂ ਨੂੰ ਸਮਝਣਾ ਹੋਵੇਗਾ ਕਿ ਅਜਿਹੀਆਂ ਧਮਕੀਆਂ ’ਤੇ ਸਖ਼ਤ ਕਾਰਵਾਈ ਹੋਵੇਗੀ।
ਸਰੀਰਕ ਅਤੇ ਮਾਨਸਿਕ ਤਣਾਅ ਵੀ ਰੈਗਿੰਗ
ਕਈ ਵਿਦਿਆਰਥੀਆਂ ਨੂੰ ਬਾਲ ਕਟਵਾਉਣ ਜਾਂ ਖਾਸ ਪਹਿਰਾਵੇ ’ਚ ਆਉਣ ਦੀ ਜ਼ਬਰਦਸਤੀ ਕੀਤੀ ਜਾਂਦੀ ਹੈ, ਜਿਸ ਨਾਲ ਉਹ ਮਾਨਸਿਕ ਅਤੇ ਸਰੀਰਕ ਤਣਾਅ ਦਾ ਸ਼ਿਕਾਰ ਹੁੰਦੇ ਹਨ। ਸੀਨੀਅਰ ਵੱਲੋਂ ਮੌਖਿਕ ਅਪਮਾਨ, ਲੰਮੇ ਸਮੇਂ ਤੱਕ ਜਗਾਉਣ ਜਾਂ ਵਾਰ-ਵਾਰ ਜਾਣ-ਪਛਾਣ ਦੱਸਣ ਦੀ ਜ਼ਬਰਦਸਤੀ ਵੀ ਰੈਗਿੰਗ ਮੰਨੀ ਜਾਵੇਗੀ। ਅਜਿਹੀਆਂ ਹਰਕਤਾਂ ਕਾਰਨ ਨਵੇਂ ਵਿਦਿਆਰਥੀ ਚਿੰਤਾ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ।
ਯੂਜੀਸੀ ਨੇ ਸਾਰੇ ਵਿਦਿਆਰਥੀਆਂ ਤੋਂ ਐਂਟੀ-ਰੈਗਿੰਗ ਅੰਡਰਟੇਕਿੰਗ ਲੈਣ ਦੇ ਨਿਰਦੇਸ਼ ਦਿੱਤੇ ਹਨ। ਕਈ ਵਾਰ ਸੀਨੀਅਰ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੂੰ ਅਪਮਾਨਜਨਕ ਢੰਗ ਨਾਲ ਜਾਣ-ਪਛਾਣ ਦੱਸਣ ਜਾਂ ਖਾਸ ਪਹਿਰਾਵਾ ਅਪਣਾਉਣ ਲਈ ਮਜਬੂਰ ਕਰਦੇ ਹਨ, ਜੋ ਗ਼ਲਤ ਹੈ ਅਤੇ ਰੈਗਿੰਗ ਦੇ ਦਾਇਰੇ ’ਚ ਆਉਂਦਾ ਹੈ।
89 ਸੰਸਥਾਵਾਂ ਨੂੰ ਨੋਟਿਸ
ਯੂਜੀਸੀ ਨੇ 89 ਉੱਚ ਸਿੱਖਿਆ ਸੰਸਥਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਸਖ਼ਤ ਹਦਾਇਤਾਂ ਦੇ ਬਾਵਜੂਦ ਐਂਟੀ-ਰੈਗਿੰਗ ਨਿਯਮ ਕਿਉਂ ਨਹੀਂ ਲਾਗੂ ਕੀਤੇ ਜਾ ਰਹੇ। ਜੇ ਨਿਯਮਾਂ ਦੀ ਪਾਲਣਾ ਨਾ ਹੋਈ ਤਾਂ ਸੰਸਥਾਵਾਂ ਦੀ ਗ੍ਰਾਂਟ ਰੋਕਣ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ। ਯੂਜੀਸੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਇਸ ’ਚ ਕੋਈ ਸਮਝੌਤਾ ਨਹੀਂ ਹੋਵੇਗਾ।