ਅਰੁਨਾ ਚੌਧਰੀ ਵੱਲੋਂ ਲੋੜਵੰਦ ਮਹਿਲਾਵਾਂ ਤੇ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ‘ਉਡਾਣ ਯੋਜਨਾ’ ਦੀ ਸ਼ੁਰੂਆਤ

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ, ਮੰਤਰੀ ਅਰੁਨਾ ਚੌਧਰੀ ਨੇ ਅੱਜ ‘ਵਿਸ਼ਵ ਮਾਸਿਕ ਧਰਮ ਸਵੱਛਤਾ ਦਿਵਸ’ ਮੌਕੇ ਸੂਬੇ ਵਿੱਚ ਮਹਿਲਾ-ਸ਼ਕਤੀਕਰਣ ਲਈ ‘‘ਉਡਾਣ ਯੋਜਨਾ” ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਸੂਬੇ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਹਰ ਮਹੀਨੇ ਮੁਫ਼ਤ ਸੈਨੇਟਰੀ ਪੈਡ ਵੰਡੇ ਜਾਣਗੇ।

ਸੂਬੇ ਭਰ ਵਿੱਚ 1500 ਥਾਵਾਂ `ਤੇ ਲਾਈਵ ਪ੍ਰਸਾਰਿਤ ਕੀਤੀ ਗਈ ਵੀਡੀਓ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੌਧਰੀ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾਵਾਂ/ ਲੜਕੀਆਂ ਨੂੰ ਮਾਸਿਕ ਧਰਮ ਸਬੰਧੀ ਬਿਮਾਰੀਆਂ ਤੋਂ ਬਚਾਉਣਾ, ਮਾਸਿਕ ਧਰਮ ਦੌਰਾਨ ਸਫ਼ਾਈ ਪ੍ਰਤੀ ਜਾਗਰੂਕ ਕਰਨਾ, ਮੁੱਢਲੇ ਸਫ਼ਾਈ ਉਤਪਾਦਾਂ ਤੱਕ ਪਹੁੰਚ ਵਧਾਉਣਾ, ਮਹਿਲਾਵਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣਾ ਹੈ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣਾ ਅਤੇ ਸੈਨੇਟਰੀ ਪੈਡਾਂ ਦਾ ਸੁਰੱਖਿਅਤ ਨਿਬੇੜਾ ਯਕੀਨੀ ਬਣਾਉਣਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਨਵੀਂ ਯੋਜਨਾ ਤਹਿਤ ਸਕੂਲ ਛੱਡ ਚੁੱਕੀਆਂ ਲੜਕੀਆਂ/ਸਕੂਲ ਤੋਂ ਬਾਹਰ ਦੀਆਂ ਲੜਕੀਆਂ, ਕਾਲਜ ਨਾ ਜਾਣ ਵਾਲੀਆਂ ਲੜਕੀਆਂ, ਬੀਪੀਐਲ ਪਰਿਵਾਰਾਂ ਦੀਆਂ ਮਹਿਲਾਵਾਂ, ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀਆਂ ਅਤੇ ਬੇਘਰ ਮਹਿਲਾਵਾਂ, ਟੱਪਰੀਵਾਸ ਪਰਿਵਾਰਾਂ ਦੀਆਂ ਔਰਤਾਂ ਅਤੇ ਨੀਲੇ ਕਾਰਡ ਧਾਰਕ ਤੇ ਦੂਜੇ ਵਿਭਾਗਾਂ ਦੀ ਕਿਸੇ ਵੀ ਸਕੀਮ ਤਹਿਤ ਮੁਫ਼ਤ/ਸਬਸਿਡੀ ਵਾਲੇ ਸੈਨੇਟਰੀ ਪੈਡਾਂ ਦਾ ਲਾਭ ਨਹੀਂ ਲੈ ਰਹੀਆਂ ਔਰਤਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾਵੇਗਾ, ਜਿਸ ਉਤੇ 40.55 ਕਰੋੜ ਰੁਪਏ ਸਾਲਾਨਾ ਦਾ ਖਰਚ ਆਵੇਗਾ।

ਇਸ ਵਰਚੂਅਲ ਮੀਟਿੰਗ ਦੌਰਾਨ ਚੌਧਰੀ ਦੇ ਨਾਲ ਪ੍ਰਮੁੱਖ ਸਕੱਤਰ ਰਾਜੀ ਪੀ. ਸ਼੍ਰੀਵਾਸਤਵਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਵਿਪੁਲ ਉੱਜਵਲ ਵੀ ਮੌਜੂਦ ਸਨ। ਇਸ ਉਦਘਾਟਨੀ ਸਮਾਰੋਹ ਮੌਕੇ ਸੂਬੇ ਦੀਆਂ ਸਾਰੀਆਂ 1500 ਵਰਚੂਅਲ ਮੀਟਿੰਗ ਵਾਲੀਆਂ ਥਾਵਾਂ ਦੇ ਨਾਲ-ਨਾਲ ਆਂਗਣਵਾੜੀ ਸੈਂਟਰਾਂ ਵਿੱਚ ਸੈਨੇਟਰੀ ਪੈਡਾਂ ਦੇ ਕੁਲ ਇਕ ਲੱਖ ਪੈਕੇਟ ਵੰਡੇ ਗਏ।

- Advertisement -

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਕਰਵਾਈ ਸੂਬਾ ਪੱਧਰੀ ‘‘ਧੀਆਂ ਦੀ ਲੋਹੜੀ” ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾਵਾਂ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਨਾਲ ਸਬੰਧਤ ਹੋਰ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕਰਦਿਆਂ ਮਹਿਲਾ ਸ਼ਕਤੀਕਰਨ ਦੀ ਜ਼ਰੂਰਤ ਨੂੰ ਦੁਹਰਾਉਂਦਿਆਂ ਸਾਰੀਆਂ ਲੋੜਵੰਦ ਲੜਕੀਆਂ/ਮਹਿਲਾਵਾਂ ਵਿਸ਼ੇਸ਼ ਤੌਰ `ਤੇ ਝੁੱਗੀ ਝੌਂਪੜੀਆਂ ਦੇ ਇਲਾਕਿਆਂ ਵਿੱਚ ਰਹਿਣ ਵਾਲਿਆਂ ਲੜਕੀਆਂ/ਮਹਿਲਾਵਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਡਣ ਦਾ ਐਲਾਨ ਕੀਤਾ ਸੀ, ਜਿਸ ਨੂੰ ਅਸੀਂ ਅੱਜ ਪੂਰਾ ਕਰ ਰਹੇ ਹਾਂ।

ਇਸਤਰੀ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਲਾਭਪਾਤਰੀਆਂ ਨੂੰ 27,314 ਆਂਗਣਵਾੜੀ ਕੇਂਦਰਾਂ ਦੇ ਸੂਬਾ ਪੱਧਰੀ ਨੈੱਟਵਰਕ ਰਾਹੀਂ ਕਵਰ ਕੀਤਾ ਜਾਵੇਗਾ। ਹਰੇਕ ਆਂਗਣਵਾੜੀ ਕੇਂਦਰ ਰਾਹੀਂ ਲਗਭਗ 50 ਲਾਭਪਾਤਰੀਆਂ ਨੂੰ ਕਵਰ ਕੀਤਾ ਜਾਵੇਗਾ, ਕਿਉਂਕਿ ਹਰੇਕ ਆਂਗਣਵਾੜੀ ਕੇਂਦਰ ਅਧੀਨ 400 ਪਰਿਵਾਰ ਆਉਂਦੇ ਹਨ। ਜੇ ਮੁਫ਼ਤ ਸੈਨੇਟਰੀ ਪੈਡਾਂ ਦਾ ਲਾਭ ਲੈਣ ਲਈ 50 ਤੋਂ ਵੱਧ ਲਾਭਪਾਤਰੀ ਆਂਗਣਵਾੜੀ ਕੇਂਦਰਾਂ ਵਿਖੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਸੇ ਅਨੁਸਾਰ ਸੈਨੇਟਰੀ ਪੈਡ ਮੁਹੱਈਆ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਲਾਭਪਾਤਰੀ ਨੂੰ ਹਰ ਮਹੀਨੇ ਵੱਧ ਤੋਂ ਵੱਧ 9 ਸੈਨੇਟਰੀ ਪੈਡ ਦਿੱਤੇ ਜਾਣਗੇ।”

ਅਰੁਨਾ ਚੌਧਰੀ ਨੇ ਦੱਸਿਆ ਕਿ ਪਹਿਲੇ ਪੜਾਅ ਅਧੀਨ 27,314 ਆਂਗਣਵਾੜੀ ਕੇਂਦਰਾਂ ਦੇ ਵਰਕਰਾਂ ਅਤੇ ਹੈਲਪਰਾਂ ਰਾਹੀਂ 13,65,700 ਲਾਭਪਾਤਰੀਆਂ ਨੂੰ ਕੁੱਲ 1,22,91,300 ਸੈਨੇਟਰੀ ਪੈਡ ਵੰਡੇ ਜਾਣਗੇ। ਉਹਨਾਂ ਸਪੱਸ਼ਟ ਤੌਰ `ਤੇ ਕਿਹਾ ਕਿ ਲੋੜ ਪੈਣ `ਤੇ ਆਸ਼ਾ, ਏ.ਐੱਨ.ਐੱਮ., ਸਥਾਨਕ ਸਰਕਾਰਾਂ ਵਿਭਾਗ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਸਥਾਨਕ ਵਲੰਟੀਅਰਾਂ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਜਿੱਥੇ ਆਂਗਣਵਾੜੀ ਕੇਂਦਰ ਮੌਜੂਦ ਨਹੀਂ ਹਨ, ਉਥੇ ਲਗਾਇਆ ਜਾ ਸਕਦਾ ਹੈ।

Share this Article
Leave a comment