ਚੰਡੀਗੜ੍ਹ: ਇੰਡੋਨੇਸ਼ਿਆ ਅਤੇ ਸਿੰਗਾਪੁਰ ਗਏ ਕੋਰੋਨਾਵਾਇਰਸ ਦੇ ਦੋ ਸ਼ੱਕੀ ਮਰੀਜ਼ ਪੀਜੀਆਈ ਵਿੱਚ ਦਾਖਲ ਕੀਤੇ ਗਏ ਹਨ। ਦੋਵੇਂ ਮਰੀਜ਼ਾਂ ਨੂੰ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ। ਇੱਕ ਸੈਕਟਰ – 50 ਤਾਂ ਦੂਜਾ ਸੈਕਟਰ – 22 ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਖੂਨ ਦੇ ਸੈਂਪਲ ਜਾਂਚ ਲਈ ਏਮਸ ਦਿੱਲੀ ਭੇਜ ਦਿੱਤੇ ਗਏ ਹਨ ਰਿਪੋਰਟ 24 ਘੰਟੇ ਵਿੱਚ ਆਉਣ ਦੀ ਸੰਭਾਵਨਾ ਹੈ।
ਉੱਧਰ ਦੂਜੇ ਪਾਸੇ ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਨਵਾਂ ਸੰਕਰਮਣ ਹੈ। ਸ਼ੁਰੂਆਤੀ ਲੱਛਣ ਜਿਵੇਂ ਤੇਜ਼ ਬੁਖਾਰ, ਖਾਂਸੀ, ਅਤੇ ਸਾਹ ਲੈਣ ‘ਚ ਤਕਲੀਫ ਹੋਵੇ ਤਾਂ ਤੁਰੰਤ ਜਾਂਚ ਕਰਵਾਓ। 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਭਾਰਤੀ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਜ਼ਰੂਰੀ ਟੈਸਟ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਿਭਾਗ ਨੇ ਨੈਸ਼ਨਲ ਟੋਲ ਫਰੀ ਨੰਬਰ 011 – 23978046 ਵੀ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਸਬੰਧਤ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਟਰੈਫਿਕ ਪੁਲਿਸ ਕਰੇਗੀ ਲੋਕਾਂ ਨੂੰ ਜਾਗਰੂਕ
ਜੀਐੱਮਐੱਸਐੱਚ 16 ਦੇ ਡਾਇਰੈਕਟਰ ਜੀ ਦੀਵਾਨ ਨੇ ਇਸ ਸਬੰਧੀ ਯੂਟੀ ਪੁਲਿਸ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਵਿੱਚ ਵਾਇਰਸ ਨਾਲ ਸਬੰਧਤ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਟਰੈਫਿਕ ਪੁਲਿਸ ਨੂੰ ਹਰ ਚੌਕ ਜਾਂ ਚੁਰਾਹੇ ‘ਤੇ ਲਾਉਡਸਪੀਕਰ ਜ਼ਰੀਏ ਕੋਰੋਨਾਵਾਇਰਸ ਨਾਲ ਜੁੜੀ ਜਾਣਕਾਰੀ ਦੇਣ ਨੂੰ ਕਿਹਾ ਹੈ, ਤਾਂਕਿ ਲੋਕ ਜਾਗਰੂਕ ਹੋਣ ਅਤੇ ਸਾਵਧਾਨੀ ਵਰਤਣ। ਟਰੈਫਿਕ ਪੁਲਿਸ 03 ਮਾਰਚ ਤੋਂ ਲੈ ਕੇ 31 ਮਾਰਚ ਤੱਕ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕਤਾ ਅਭਿਆਨ ਵੀ ਚਲਾਏਗੀ।
ਬਚਾਅ ਦੇ ਉਪਾਅ
-ਕਿਸੇ ਨੂੰ ਖੰਘ , ਜੁਕਾਮ , ਬੁਖਾਰ ਹੈ ਤਾਂ ਉਸਤੋਂ ਦੂਰੀ ਬਣਾਏ ਰੱਖੋ
-ਹੱਥਾਂ ਨੂੰ ਸਾਫ਼ ਕਰਨ ਲਈ ਸੈਨਿਟਾਇਜ਼ਰ ਜਾ ਸਾਬਣ ਅਤੇ ਪਾਣੀ ਦੀ ਵਰਤੋ ਕਰੋ
-ਭੀੜ ਵਾਲੀ ਥਾਵਾਂ ‘ਤੇ ਨਾਂ ਜਾਓ
-ਹੱਥ ਮਿਲਾਉਣ ਦੀ ਥਾਂ ਨਮਸਤੇ ਜਾਂ ਸਤ ਸ੍ਰੀ ਅਕਾਲ ਬੁਲਾਓ
-ਛਿੱਕਣ ਅਤੇ ਖੰਘਨ ਦੌਰਾਨ ਆਪਣੇ ਮੂੰਹ ਅਤੇ ਨੱਕ ਨੂੰ ਟਿਸ਼ੂ ਪੇਪਰ ਜਾਂ ਰੂਮਾਲ ਨਾਲ ਢੱਕੋ
-ਜੇਕਰ ਸਰਦੀ ਅਤੇ ਫਲੂ ਦੇ ਲੱਛਣਾਂ ਤੋਂ ਪਰੇਸ਼ਾਨ ਹੋ ਤਾਂ ਡਾਕਟਰ ਨੂੰ ਮਿਲੋ। ਅਜਿਹੀ ਹਾਲਤ ਵਿੱਚ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਇੰਫੈਕਸ਼ਨ ਤੋਂ ਬਚਾਉਣ ਲਈ ਲੋਕਾਂ ਦੇ ਨਾਲ ਨਜ਼ਦੀਕੀ ਸੰਪਰਕ ਤੋਂ ਬਚੋ
-ਜਾਨਵਰਾਂ ਦੇ ਸਿੱਧੇ ਸੰਪਰਕ ਵਿੱਚ ਆਉਣੋਂ ਬਚੋ