ਦਰਦਨਾਕ ਹਾਦਸਾ: ਭੈਣ-ਭਰਾ ਬਿਆਸ ਦਰਿਆ ‘ਚ ਡੁੱਬੇ, ਭਰਾ ਦੀ ਮਿਲੀ ਦੇਹ, ਭੈਣ ਦੀ ਭਾਲ ਜਾਰੀ

Global Team
2 Min Read

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਖੇਤਾਂ ਵਿੱਚ ਕਣਕ ਦੀ ਵਾਢੀ ਕਰ ਰਹੇ ਦੋ ਭੈਣ-ਭਰਾ ਪਾਣੀ ਪੀਣ ਲਈ ਬਿਆਸ ਦਰਿਆ ਦੇ ਕਿਨਾਰੇ ਗਏ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਏ।

ਜਾਣਕਾਰੀ ਮੁਤਾਬਕ, ਭੈਣ ਆਸ਼ੂ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਹ ਪਾਣੀ ਵਿੱਚ ਡਿੱਗ ਗਈ। ਉਸਨੂੰ ਬਚਾਉਣ ਲਈ ਭਰਾ ਪੱਪੂ (ਉਮਰ 35 ਸਾਲ) ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ, ਪਰ ਦੁੱਖਦਾਈ ਤਰੀਕੇ ਨਾਲ ਦੋਹਾਂ ਡੁੱਬ ਗਏ।

ਭਰਾ ਦੀ ਲਾਸ਼ ਮਿਲ ਚੁੱਕੀ ਹੈ, ਜਿਸਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਭੈਣ ਦੀ ਭਾਲ ਹਾਲੇ ਵੀ ਜਾਰੀ ਹੈ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਪੱਪੂ ਅਤੇ ਆਸ਼ੂ ਹਰ ਸਾਲ ਖੇਤ ਮਜ਼ਦੂਰੀ ਲਈ ਪਿੰਡ ਆਹਲੀ ਕਲਾਂ ਆਉਂਦੇ ਸਨ। ਕੰਮ ਮੁਕਾ ਕੇ ਘਰ ਵਾਪਸੀ ਤੋਂ ਪਹਿਲਾਂ, ਦੋਹੇ ਬਿਆਸ ਦਰਿਆ ਕਿਨਾਰੇ ਪਾਣੀ ਪੀਣ ਤੇ ਹੱਥ ਮੂੰਹ ਧੋਣ ਗਏ ਪਰ ਇਹ ਪਲ ਉਨ੍ਹਾਂ ਦੀ ਜ਼ਿੰਦਗੀ ਲਈ ਖਤਰਨਾਕ ਸਾਬਤ ਹੋਇਆ।

ਮ੍ਰਿਤਕ ਪੱਪੂ ਦੀ ਉਮਰ 35 ਸਾਲ ਸੀ ਅਤੇ ਉਹ ਵਿਆਹਿਆ ਹੋਇਆ ਸੀ, ਜਦਕਿ ਉਸ ਦੀ ਭੈਣ ਆਸ਼ੂ ਹਾਲੇ ਕੁਆਰੀ ਸੀ।

ਪੁਲਿਸ ਜਾਂਚ ਜਾਰੀ

ਥਾਣਾ ਕਬੀਰਪੁਰ ਦੀ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਗਈ ਹੈ, ਅਤੇ ਆਸ਼ੂ ਦੀ ਭਾਲ ਲਈ ਰੈਸਕਿਊ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।

ਡਿਊਟੀ ‘ਤੇ ਤੈਨਾਤ ਡਾਕਟਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਮੌਤ ਦਾ ਕਾਰਨ ਡੁੱਬਣਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Share This Article
Leave a Comment