ਸੰਗਰੂਰ: ਸੋਮਵਾਰ ਰਾਤ ਮਲੇਰਕੋਟਲਾ ‘ਚ ਆਪਣੇ ਭਰਾ ਦੇ ਵਿਆਹ ਦੀ ਰਿਸੇਪਸ਼ਨ ਪਾਰਟੀ ਵਿੱਚ ਗੈਂਗਸਟਰ ਅਬਦੁਲ ਰਸੀਦ ਉਰਫ ਘੁੱਦੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਤੋਂ ਤਿੰਨ ਘੰਟੇ ਬਾਅਦ ਅੰਮ੍ਰਿਤਸਰ ਜੇਲ੍ਹ ‘ਚ ਬੰਦ ਗੈੈਂਗਸਟਰ ਬੱਗਾ ਖਾਨ ਉਰਫ ਤਖਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ।
ਉਸਨੇ ਫੇਸਬੁੱਕ ‘ਤੇ ਲਿਖਿਆ, ਸਲਾਮ ਵਾਲੇਕੁਮ ਜਿਹੜਾ ਅੱਜ ਮਲੇਰਕੋਟਲਾ ਘੁੱਦੂ ਦਾ ਕਤਲ ਹੋਇਆ ਹੈ। ਉਹ ਮੈਂ ਕਰਵਾਇਆ, ਇਹ ਘੁੱਦੂ ਤਾਂ ਮਾਰਿਆ, ਕਿਉਂਕਿ ਉਸਨੇ ਮੇਰੇ ਜਿਗਰੀ ਯਾਰ ਗਾਈਆ ਦੀ ਪਤਨੀ ਦੇ ਪੇਟ ਵਿਚ ਲੱਤ ਮਾਰ ਕੇ ਉਸਦਾ ਬੱਚਾ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਮੈਂ ਸਹੁੰ ਚੁੱਕੀ ਸੀ, ਵੀ ਮੈਂ ਇਸ ਨੂੰ ਮਾਰ ਦਿਵਾਂਗਾ। ਇਹ ਜਿਹੜਾ ਕਤਲ ਹੋਇਆ ਇਹ ਮੇਰੇ ਛੋਟੇ ਵੀਰ ਸੁਭਾਨ ਨੇ ਕੀਤਾ, ਜੇ ਕਿਸ ਦੇ ਦਿਲ ਵਿਚ ਕੋਈ ਵਹਿਮ ਭੁਲੇਖਾ ਹੈ ਤਾ ਉਹ ਵੀ ਸ਼ੇਤੀ ਕੱਢ ਦੇਆਂਗਾ। ਤੁਹਾਡਾ ਆਪਣਾ ਵੀਰ ਬੱਗਾ ਖਾਨ . . . ।
ਪੁਲਿਸ ਨੇ ਘਟਨਾ ਤੋਂ 19 ਘੰਟੇ ਬਾਅਦ 7 ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ਵਿੱਚ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਦੀ ਕਾਰਵਾਈ ‘ਤੇ ਸ਼ੱਕ ਜਤਾਉਂਦਿਆ ਮ੍ਰਿਤਕ ਨੂੰ ਦਫਨਾਉਣ ਤੋਂ ਇਨਕਾਰ ਕਰ ਦਿੱਤਾ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ।
ਮਲੇਰਕੋਟਲਾ ਵਾਸੀ ਮੁਹਮਦ ਯਾਮਿਨ ਨੇ ਪੁਲਿਸ ਨੂੰ ਦੱਸਿਆ ਹੈ ਕਿ 25 ਨਵੰਬਰ ਨੂੰ ਉਸ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਪੈਲੇਸ ਵਿੱਚ ਚੱਲ ਰਹੀ ਸੀ। ਰਾਤ ਲਗਭਗ 8 ਵਜੇ ਅਬਦੁਲ ਰਸਿਦ ਗੇਟ ‘ਤੇ ਖੜ੍ਹਾ ਸੀ। ਉਦੋਂ ਕੁੱਝ ਲੋਕਾਂ ਨੇ ਅਬਦੁਲ ਦੀ ਛਾਤੀ ‘ਤੇ ਗੋਲੀਆਂ ਮਾਰ ਦਿੱਤੀਆਂ। ਅਬਦੁਲ ਨੇ ਬਚਾਅ ਲਈ ਪੈਲੇਸ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਨੇ ਉਸਦੀ ਪਿੱਠ ‘ਤੇ ਵੀ ਫਾਇਰ ਕੀਤੇ। ਇਸ ਦੌਰਾਨ ਪੈਲੇਸ ਵਿੱਚ ਬਿਜਲੀ ਦਾ ਕੰਮ ਕਰ ਰਹੇ ਨੌਜਵਾਨ ਦੇ ਪੈਰ ਵਿੱਚ ਵੀ ਗੋਲੀ ਲੱਗੀ ਜਿਸ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਹਥਿਆਰਾਂ ਸਣੇ ਫਰਾਰ ਹੋ ਗਏ ।