ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਿਹਾ ਕਿ ਉਹ ਰੂਸ ਨਾਲ ਜੰਗ ਖਤਮ ਕਰਨ ਲਈ ਪੁਤਿਨ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਨ, ਨਹੀਂ ਤਾਂ ਯੂਕਰੇਨ ਨੂੰ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਹ ਦਾਅਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਪਿਛਲੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਮੀਟਿੰਗ ਦੌਰਾਨ, ਟਰੰਪ ਨੇ ਜ਼ੇਲੇਨਸਕੀ ‘ਤੇ ਜ਼ੋਰ ਦਿੱਤਾ ਕਿ ਉਹ ਪੂਰੇ ਡੋਨਬਾਸ ਖੇਤਰ ਨੂੰ ਰੂਸ ਨੂੰ ਸੌਂਪ ਦੇਵੇ, ਇਸ ਦੌਰਾਨ ਉਨ੍ਹਾਂ ਨੇ ਪੁਤਿਨ ਦੇ ਸ਼ਬਦ ਦੁਹਰਾਏ, ਜਿਨ੍ਹਾਂ ਨਾਲ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਫੋਨ ‘ਤੇ ਗੱਲ ਕੀਤੀ ਸੀ। ਹਾਲਾਂਕਿ, ਜ਼ੇਲੇਂਸਕੀ ਨੇ ਆਖਰਕਾਰ ਟਰੰਪ ਨੂੰ ਯਕੀਨ ਦਿਵਾਇਆ ਕਿ ਮੌਜੂਦਾ ਮੋਰਚਿਆਂ ‘ਤੇ ਜੰਗ ਨੂੰ ਰੋਕਣਾ ਹੀ ਬਿਹਤਰ ਵਿਕਲਪ ਹੈ।
ਮੀਟਿੰਗ ਤੋਂ ਬਾਅਦ ਟਰੰਪ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਜੰਗ ਬੰਦ ਕਰ ਦੇਣੀ ਚਾਹੀਦੀ ਹੈ, ਜਿਸ ਨੁਕਤੇ ‘ਤੇ ਜ਼ੇਲੇਂਸਕੀ ਸਹਿਮਤ ਸਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਨੇ ਵੀਰਵਾਰ ਨੂੰ ਟਰੰਪ ਨਾਲ ਗੱਲਬਾਤ ਵਿੱਚ, ਯੂਕਰੇਨ ਨੂੰ ਖੇਰਸਨ ਅਤੇ ਜ਼ਾਪੋਰਿਜ਼ੀਆ ਦੇ ਛੋਟੇ ਹਿੱਸਿਆਂ ਦੇ ਬਦਲੇ ਡੋਨਬਾਸ ਦਾ ਇੱਕ ਵੱਡਾ ਖੇਤਰ ਰੂਸ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ ਸੀ। ਰਿਪੋਰਟਾਂ ਦੇ ਅਨੁਸਾਰ, ਟਰੰਪ ਅਤੇ ਪੁਤਿਨ ਦੋ ਹਫ਼ਤਿਆਂ ਦੇ ਅੰਦਰ ਇੱਕ ਹੋਰ ਸਿਖਰ ਸੰਮੇਲਨ ਕਰਨਗੇ।
ਜ਼ੇਲੇਂਸਕੀ ਨੇ ਡੋਨਾਲਡ ਟਰੰਪ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦੀ ਅਪੀਲ ਕੀਤੀ ਹੈ। ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੁਡਾਪੇਸਟ ਵਿੱਚ ਅਗਲੇ ਸ਼ਾਂਤੀ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਨ। ਜ਼ੇਲੇਂਸਕੀ ਨੇ ਕਿਹਾ ਕਿ ਟਰੰਪ ਨੂੰ ਪੁਤਿਨ ‘ਤੇ ਹਮਾਸ ਨਾਲ ਜੰਗਬੰਦੀ ਕਰਵਾਉਣ ਵਿੱਚ ਹਾਲ ਹੀ ਵਿੱਚ ਮਿਲੀ ਸਫਲਤਾ ਨਾਲੋਂ ਵੀ ਜ਼ਿਆਦਾ ਦਬਾਅ ਪਾਉਣ ਦੀ ਲੋੜ ਹੈ। ਜ਼ੇਲੇਂਸਕੀ ਨੇ ਕਿਹਾ ਪੁਤਿਨ ਕੁਝ ਹੱਦ ਤੱਕ ਹਮਾਸ ਵਰਗਾ ਹੈ, ਪਰ ਉਹ ਹਮਾਸ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ, ਇਸ ਲਈ ਉਸ ‘ਤੇ ਹੋਰ ਦਬਾਅ ਪਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਜੰਗ ਬਹੁਤ ਵੱਡੇ ਪੱਧਰ ‘ਤੇ ਹੈ, ਅਤੇ ਰੂਸ ਕੋਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਹੈ, ਇਸ ਲਈ ਅਮਰੀਕਾ ਨੂੰ ਹੋਰ ਜ਼ੋਰਦਾਰ ਢੰਗ ਨਾਲ ਕਾਰਵਾਈ ਕਰਨੀ ਚਾਹੀਦੀ ਹੈ।