ਡੌਨਲਡ ਟਰੰਪ ਨੇ ਅਦਾਲਤੀ ਕਾਰਵਾਈ ਦੌਰਾਨ ਔਰਤ ਬਾਰੇ ਵਰਤੀ ਭੱਦੀ ਸ਼ਬਦਾਵਲੀ

Global Team
2 Min Read

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਮੁਸ਼ਕਲਾਂ ‘ਚ ਘਿਰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅਦਾਲਤ ਵਿੱਚ ਜਬਰ-ਜਨਾਹ ਦੇ ਦੋਸ਼ਾਂ ਦੀ ਸੁਣਵਾਈ ਨਾਲ ਸਬੰਧਤ ਹੈ ਜਦੋਂ ਟਰੰਪ ਸ਼ਿਕਾਇਤਕਰਤਾ ਅਤੇ ਉਸ ਦੇ ਵਕੀਲ ਨਾਲ ਭਿੜ ਗਏ। ਟਰੰਪ ਨੇ ਪੀੜਤ ਔਰਤ ਐਲਿਜ਼ਾਬੈਥ ਜੀਨ ਕੈਰਲ ਅਤੇ ਉਸ ਦੇ ਵਕੀਲ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਧਮਕੀ ਵੀ ਦਿੱਤੀ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਟਰੰਪ ਨੇ ਪੀੜਤ ਨੂੰ ਮਾਨਸਿਕ ਤੌਰ ‘ਤੇ ਬਿਮਾਰ ਦੱਸਿਆ ਅਤੇ ਕਿਹਾ ਕਿ ਕਿਸੇ ਸਾਜ਼ਿਸ਼ ਅਧੀਨ ਝੂਠਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਡੌਨਲਡ ਟਰੰਪ ਨੇ ਅਦਾਲਤ ਵਿੱਚ ਸਹੁੰ ਚੁੱਕਣ ਮਗਰੋਂ ਇਹ ਗੱਲਾਂ ਕੀਤੀਆਂ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀਆਂ ਇਹ ਹਰਕਤਾਂ ਪਿਛਲੇ ਸਾਲ 19 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ ਸਾਹਮਣੇ ਆਈਆਂ। ਇਹ ਗੱਲਾਂ ਜਨਤਕ ਹੋਣ ਤੋਂ ਰੋਕਣ ਲਈ ਟਰੰਪ ਨੇ ਆਪਣੇ ਵਕੀਲਾਂ ਰਾਹੀਂ ਮੁਕੱਦਮਾ ਵੀ ਦਾਇਰ ਕੀਤਾ, ਪਰ ਨਿਊਯਾਰਕ ਦੇ ਇੱਕ ਫੈਡਰਲ ਜੱਜ ਨੇ ਮੁਕੱਦਮੇ ਦੀ ਸੁਣਵਾਈ ਨਾਲ ਸਬੰਧਤ ਤੱਥਾਂ ਨੂੰ ਗੁਪਤ ਰੱਖਣ ਦੀ ਅਪੀਲ ਖਾਰਜ ਕਰ ਦਿੱਤੀ ਜੋ 1990 ਦੇ ਦਹਾਕੇ ਵਿੱਚ ਇਕ ਔਰਤ ਨਾਲ ਹੋਏ ਬਲਾਤਕਾਰ ਨਾਲ ਸਬੰਧਤ ਹੈ। ਟਰੰਪ ਨੇ ਅਦਾਲਤ ਵਿੱਚ ਪੇਸ਼ੀ ਦੌਰਾਨ ਕੈਰਲ ਦੇ ਵਕੀਲ ਨੂੰ ਧਮਕਾਇਆ ਕਿ ਇਹ ਮੁਕੱਦਮਾ ਖਤਮ ਹੋਣ ਮਗਰੋਂ ਉਸ ਵਿਰੁੱਧ ਮੁਕੱਦਮਾ ਦਾਇਰ ਕਰਨਗੇ।

ਦੱਸਣਯੋਗ ਹੈ ਕਿ ਪੇਸ਼ੇ ਵਜੋਂ ਪੱਤਰਕਾਰ ਐਲਿਜ਼ਾਬੈਥ ਜੀਨ ਕੈਰਲ ਨੇ 2019 ਵਿੱਚ ਪ੍ਰਕਾਸ਼ਿਤ ਇੱਕ ਕਿਤਾਬ ਵਿੱਚ ਬਲਾਤਕਾਰ ਦਾ ਜ਼ਿਕਰ ਕੀਤਾ ਸੀ ਅਤੇ ਉਸ ਵੇਲੇ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ।

Share This Article
Leave a Comment