ਨਿਊਜ਼ ਡੈਸਕ: ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਸੁਰੰਗ ਦੇ ਨੇੜੇ ਇੱਕ ਟਰੱਕ ਪਲਟ ਗਿਆ, ਜਿਸ ਨਾਲ ਇੱਕ ਹੀ ਪਰਿਵਾਰ ਦੇ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 8 ਹੋਰ ਲੋਕ ਜ਼ਖ਼ਮੀ ਵੀ ਹੋ ਗਏ ਹਨ। ਬਚਾਅ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਵੇਰਵੇ ਦਿੱਤੇ ਹਨ।
ਰੈਸਕਿਊ 1122 ਐਮਰਜੈਂਸੀ ਸੇਵਾਵਾਂ ਦੇ ਸਪੋਕਸਪਰਸਨ ਨੇ ਦੱਸਿਆ ਕਿ ਇਹ ਹਾਦਸਾ ਮਲਾਕੰਡ ਜ਼ਿਲ੍ਹੇ ਦੇ ਸਵਾਤ ਮੋਟਰਵੇਅ ‘ਤੇ ਵਾਪਰਿਆ। ਸਾਰੇ ਪੀੜਤ ਸਵਾਤ ਦੇ ਬਹਿਰੇਨ ਤਹਿਸੀਲ ਦੇ ਜਿਬਰਾਲ ਖੇਤਰ ਦੇ ਇੱਕ ਖਾਨਾਬਦੋਸ਼ ਪਰਿਵਾਰ ਨਾਲ ਸਬੰਧਤ ਸਨ, ਜੋ ਮੌਸਮੀ ਤੌਰ ਤੇ ਵੱਖ-ਵੱਖ ਖੇਤਰਾਂ ਵਿੱਚ ਘੁੰਮਦੇ ਰਹਿੰਦੇ ਹਨ। ਹਾਦਸੇ ਦੀ ਖ਼ਬਰ ਮਿਲਣ ‘ਤੇ ਬਚਾਅ ਟੀਮਾਂ ਅਤੇ ਪੁਲਿਸ ਮੌਕੇ ਤੇ ਪਹੁੰਚੀਆਂ ਅਤੇ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਬਟਖੇਲਾ ਲਿਜਾ ਕੇ ਇਲਾਜ ਕਰਵਾਇਆ।
ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ
ਹਸਪਤਾਲ ਵਿੱਚ ਡਾਕਟਰਾਂ ਨੇ 15 ਲੋਕਾਂ ਨੂੰ ਮ੍ਰਿਤ ਐਲਾਨ ਦਿੱਤਾ, ਜਦਕਿ 8 ਜ਼ਖ਼ਮੀਆਂ ਨੂੰ ਤੁਰੰਤ ਇਲਾਜ ਦਿੱਤਾ ਗਿਆ। ਗੰਭੀਰ 4 ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਲਈ ਸਵਾਤ ਭੇਜਿਆ ਗਿਆ। ਸੂਤਰਾਂ ਅਨੁਸਾਰ, ਮਰਨ ਵਾਲਿਆਂ ਅਤੇ ਜ਼ਖ਼ਮੀਆਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ।
ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ
ਪਾਕਿਸਤਾਨ ਵਿੱਚ ਇਸੇ ਸਾਲ ਜੁਲਾਈ ਵਿੱਚ ਵੀ ਇੱਕ ਵਿਨਾਸ਼ਕਾਰੀ ਸੜਕ ਹਾਦਸਾ ਹੋਇਆ ਸੀ, ਜਿਸ ਵਿੱਚ ਇੱਕ ਬੱਸ ਨਾਲ ਘੱਟੋ-ਘੱਟ 9 ਲੋਕਾਂ ਦੀ ਜਾਨ ਚਲੀ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋਏ। ਇਹ ਬੱਸ ਇਸਲਾਮਾਬਾਦ ਤੋਂ ਲਾਹੌਰ ਜਾ ਰਹੀ ਸੀ ਅਤੇ ਪੰਜਾਬ ਸੂਬੇ ਦੇ ਚੱਕਵਾਲ ਜ਼ਿਲ੍ਹੇ ਵਿੱਚ ਬਲਕਸਰ ਨੇੜੇ ਖੱਡ ਵਿੱਚ ਡਿੱਗ ਗਈ। ਵਾਹਨ ਵਿੱਚ 40 ਤੋਂ ਵੱਧ ਯਾਤਰੀ ਸੀ ਅਤੇ ਬੱਸ ਦਾ ਇੱਕ ਟਾਇਰ ਫੱਟਣ ਕਾਰਨ ਹਾਦਸਾ ਵਾਪਰਿਆ। ਜੁਲਾਈ ਤੋਂ ਪਹਿਲਾਂ ਅਪ੍ਰੈਲ ਵਿੱਚ ਵੀ ਪੰਜਾਬ ਵਿੱਚ 11 ਲੋਕਾਂ ਦੀ ਮੌਤ ਵਾਲਾ ਹਾਦਸਾ ਵਾਪਰਿਆ।