ਕੋਲਕਾਤਾ : ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ‘ਚ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਨੇਤਾ ਆਮਿਰ ਅਲੀ ਖਾਨ ਦੀ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਹੈ। ਤ੍ਰਿਣਮੂਲ ਕਾਂਗਰਸੀ ਨੇਤਾ ਆਮਿਰ ਅਲੀ ਖਾਨ ‘ਤੇ ਸਵੇਰੇ ਬਸੰਤੀ ਇਲਾਕੇ ‘ਚ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਆਮਿਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ।
ਪੁਲਿਸ ਨੇ ਘਟਨਾ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੌਕੇ ਤੋਂ ਭੱਜਣ ਲੱਗਿਆਂ ਹਮਲਾਵਰਾਂ ਨੇ ਇੱਕ ਬੰਬ ਸੁਟਿਆ ਜਿਸ ‘ਚ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਸੂਤਰਾਂ ਅਨਸਾਰ ਇਸ ਘਟਨਾ ਦਾ ਕਾਰਨ ਤ੍ਰਿਣਮੂਲ ਕਾਂਗਰਸ ਪਾਰਟੀ ‘ਚ ਚੱਲ ਰਹੀ ਆਪਸੀ ਧੜੇਬੰਦੀ ਨੂੰ ਦੱਸਿਆ ਜਾ ਰਿਹਾ ਹੈ। ਦਰਅਸਲ ਟੀਐੱਮਸੀ ਦੇ ਯੁਵਾ ਮੋਰਚੇ ਅਤੇ ਮੁੱਖ ਪਾਰਟੀ ਦੇ ਵਿੱਚ ਇਲਾਕੇ ‘ਚ ਲੀਡਰਸ਼ਿਪ ਸੰਭਾਲਣ ਪਾਰਟੀ ਨੇਤਾਵਾਂ ‘ਚ ਕਸਮਕਸ ਚੱਲ ਰਹੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਟੀਐੱਮਸੀ ਯੁਵਾ ਮੋਰਚੇ ਦੇ ਆਗੂ ਦੇ ਘਰ ਦੇ ਬਾਹਰ ਵੀ ਭੰਨਤੋੜ ਕੀਤੀ।
ਪੁਲਿਸ ਨੇ ਮੌਕੇ ਤੋਂ ਕਈ ਦੇਸ਼ੀ ਬੰਬ ਵੀ ਬਰਾਮਦ ਕੀਤੇ ਹਨ। ਹਾਲਾਂਕਿ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸਥਾਨਕ ਨੇਤਾਵਾਂ ਨੇ ਇਸ ਮਾਮਲੇ ‘ਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਮਤਭੇਦਾਂ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਪਾਰਟੀ ਦੇ ਸਥਾਨਕ ਨੇਤਾਵਾਂ ਨੇ ਇਸ ਕਤਲ ਪਿੱਛੇ ਵਿਰੋਧੀ ਧਿਰਾਂ ਨੂੰ ਦੋਸ਼ੀ ਠਹਿਰਾਇਆ ਹੈ।