ਓਨਟਾਰੀਓ : 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ਮੌਕੇ ਓਨਟਾਰੀਓ ਦੀ ਮੁੱਖ ਵਿਰੋਧੀ ਧਿਰ ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਨੇ ਬਿਆਨ ਜਾਰੀ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਆਖਿਆ ਕਿ 1984 ਵਿੱਚ ਹਰਿਮੰਦਰ ਸਾਹਿਬ ਤੇ ਪੰਜਾਬ ਦੇ ਦਰਜਨਾਂ ਹੋਰ ਗੁਰਦੁਆਰਿਆਂ ਉੱਤੇ ਚੜ੍ਹਾਈ ਕੀਤੀ ਗਈ ਸੀ ਤੇ ਸਰਕਾਰ ਦੀ ਸ਼ਹਿ ਨਾਲ ਹੋਏ ਉਨ੍ਹਾਂ ਹਮਲਿਆਂ ਵਿੱਚ ਮਾਰੇ ਗਏ ਲੋਕਾਂ, ਉਸ ਤੋਂ ਬਾਅਦ ਸਰਕਾਰੀ ਤੰਤਰ ਵੱਲੋਂ ਸਿੱਖਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਸੇਕ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਤਾਜ਼ਾ ਹੈ।
ਇਸ ਦੁੱਖ ਵਿੱਚ ਅਸੀਂ ਪ੍ਰੋਵਿੰਸ ਤੇ ਦੁਨੀਆਂ ਭਰ ਦੇ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਖੜ੍ਹੇ ਹਾਂ ਜਿਨ੍ਹਾਂ ਦੇ ਦਿਲਾਂ ਵਿੱਚ 1984 ਦੇ ਫੱਟਾਂ ਦੇ ਜ਼ਖ਼ਮ ਅੱਜ ਵੀ ਤਾਜ਼ਾ ਹਨ। ਅਸੀਂ ਵੀ ਉਨ੍ਹਾਂ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੇ ਵਧੀਕੀਆਂ ਕਰਨ ਵਾਲਿਆਂ ਦੀ ਜਵਾਬਦੇਹੀ ਦੀ ਮੰਗ ਕਰਦੇ ਹਾਂ। ਉਨ੍ਹਾਂ ਅੱਗੇ ਆਖਿਆ ਕਿ ਐਨਡੀਪੀ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲਿਆਂ ਦੇ ਨਾਲ ਹੈ ਤੇ ਉਸ ਦੌਰਾਨ ਮਾਰੇ ਗਏ, ਨਜ਼ਰਬੰਦ ਕੀਤੇ ਗਏ ਜਾਂ ਲਾਪਤਾ ਹੋਏ ਮਾਸੂਮ ਨਾਗਰਿਕਾਂ ਤੇ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਸਬੰਧ ਵਿੱਚ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦੀ ਹੈ। ਇਸ ਦਰਦ ਨੂੰ ਹੰਢਾਉਣ ਵਾਲੇ ਪਰਿਵਾਰਾਂ ਨਾਲ ਐਨਡੀਪੀ ਹਰ ਕਦਮ ਉਨ੍ਹਾਂ ਨਾਲ ਖੜ੍ਹੀ ਹੈ।