ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀ ਨਿਗਰਾਨੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਸਬੰਧੀ ਇੱਕ ਬਹੁਤ ਹੀ ਸਨਸਨੀਖੇਜ਼ ਰਿਪੋਰਟ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦ ਰੇਸਿਸਟੈਂਸ ਫਰੰਟ (ਟੀਆਰਐਫ) ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਦੋ ਵਾਰ ਜ਼ਿੰਮੇਵਾਰੀ ਲਈ ਹੈ ਅਤੇ ਘਟਨਾ ਵਾਲੀ ਥਾਂ ਦੀ ਇੱਕ ਤਸਵੀਰ ਵੀ ਪ੍ਰਕਾਸ਼ਤ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਇਹ ਹਮਲਾ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ (LeT) ਦੇ ਸਮਰਥਨ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਸੀ।
ਇਸਲਾਮਿਕ ਸਟੇਟ, ਅਲ-ਕਾਇਦਾ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਵਿਸ਼ਲੇਸ਼ਣਾਤਮਕ ਸਹਾਇਤਾ ਅਤੇ ਪਾਬੰਦੀਆਂ ਨਿਗਰਾਨੀ ਟੀਮ ਦੀ 36ਵੀਂ ਰਿਪੋਰਟ ਵਿੱਚ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਹਮਲੇ ਵਿੱਚ ਅੱਤਵਾਦੀਆਂ ਨੇ 26 ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛਣ ‘ਤੇ ਗੋਲੀ ਮਾਰ ਦਿੱਤੀ ਸੀ। ਰਿਪੋਰਟ ਅਨੁਸਾਰ, ਹਮਲੇ ਵਿੱਚ ਪੰਜ ਅੱਤਵਾਦੀ ਸ਼ਾਮਿਲ ਸਨ।
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੀਆਰਐਫ ਨੇ 22 ਅਪ੍ਰੈਲ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ ਘਟਨਾ ਵਾਲੀ ਥਾਂ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਸੀ। ਟੀਆਰਐਫ ਨੇ ਅਗਲੇ ਦਿਨ ਦੁਬਾਰਾ ਹਮਲੇ ਦੀ ਜ਼ਿੰਮੇਵਾਰੀ ਲਈ, ਪਰ 26 ਅਪ੍ਰੈਲ ਨੂੰ ਆਪਣਾ ਦਾਅਵਾ ਵਾਪਿਸ ਲੈ ਲਿਆ। ਇਹ ਰਿਪੋਰਟ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਆਈਐਸਆਈਐਲ (ਦਾਏਸ਼) ਅਤੇ ਅਲ-ਕਾਇਦਾ ਪਾਬੰਦੀਆਂ ਕਮੇਟੀ ਨੂੰ ਸੌਂਪੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਟੀਆਰਐਫ ਵੱਲੋਂ ਕੋਈ ਹੋਰ ਬਿਆਨ ਨਹੀਂ ਆਇਆ ਅਤੇ ਨਾ ਹੀ ਕਿਸੇ ਹੋਰ ਸਮੂਹ ਨੇ ਜ਼ਿੰਮੇਵਾਰੀ ਲਈ ਹੈ।
ਭਾਰਤ ਦੇ ਦਾਅਵੇ ਨੂੰ ਸਹੀ ਸਾਬਿਤ ਕਰਦੇ ਹੋਏ, ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਹ ਹਮਲਾ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ ਅਤੇ ਟੀਆਰਐਫ ਅਤੇ ਲਸ਼ਕਰ ਵਿਚਕਾਰ ਸਬੰਧ ਹਨ। ਇਹ ਗੱਲ ਸੰਯੁਕਤ ਰਾਸ਼ਟਰ ਦੇ ਇੱਕ ਮੈਂਬਰ ਦੇਸ਼ ਦੇ ਹਵਾਲੇ ਨਾਲ ਕਹੀ ਗਈ ਹੈ। ਇੱਕ ਹੋਰ ਮੈਂਬਰ ਦੇਸ਼ ਨੇ ਕਿਹਾ ਕਿ ਇਹ ਹਮਲਾ ਟੀਆਰਐਫ ਦੁਆਰਾ ਕੀਤਾ ਗਿਆ ਸੀ, ਜੋ ਕਿ ਲਸ਼ਕਰ ਦਾ ਇੱਕ ਹੋਰ ਨਾਮ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਖੇਤਰੀ ਸਬੰਧ ਨਾਜ਼ੁਕ ਬਣੇ ਹੋਏ ਹਨ ਅਤੇ “ਇਹ ਡਰ ਹੈ ਕਿ ਅੱਤਵਾਦੀ ਸੰਗਠਨ ਇਨ੍ਹਾਂ ਖੇਤਰੀ ਤਣਾਅ ਦਾ ਫਾਇਦਾ ਉਠਾ ਸਕਦੇ ਹਨ।”
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਅਮਰੀਕਾ ਨੇ ਜੁਲਾਈ ਵਿੱਚ ਟੀਆਰਐਫ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਅਤੇ ਇੱਕ ਵਿਸ਼ੇਸ਼ ਤੌਰ ‘ਤੇ ਮਨੋਨੀਤ ਗਲੋਬਲ ਅੱਤਵਾਦੀ ਵਜੋਂ ਸੂਚੀਬੱਧ ਕੀਤਾ। 25 ਅਪ੍ਰੈਲ ਨੂੰ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੇ ਘਿਨਾਉਣੇ ਅੱਤਵਾਦੀ ਕੰਮਾਂ ਲਈ ਜ਼ਿੰਮੇਵਾਰ ਅਪਰਾਧੀਆਂ, ਸਾਜ਼ਿਸ਼ਕਾਰਾਂ, ਵਿੱਤਦਾਤਾਵਾਂ ਅਤੇ ਸਪਾਂਸਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਜ਼ਰੂਰੀ ਹੈ। ਹਾਲਾਂਕਿ, ਪਾਕਿਸਤਾਨ ਦੇ ਦਬਾਅ ਹੇਠ ਉਸ ਬਿਆਨ ਵਿੱਚ ਟੀਆਰਐਫ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਸੰਸਦ ਵਿੱਚ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿੱਚ ਬਿਆਨ ‘ਤੇ ਚਰਚਾ ਦੌਰਾਨ, ਪਾਕਿਸਤਾਨ ਨੇ ਟੀਆਰਐਫ ਦੇ ਨਾਮ ਦੇ ਕਿਸੇ ਵੀ ਜ਼ਿਕਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ।