ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪੋ੍ਰਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ ਬੀਤੇ ਦਿਨੀਂ ਖੇਤੀ ਪੋ੍ਰਸੈਸਿੰਗ ਸੰਬੰਧੀ ਕਾਰੋਬਾਰੀ ਸਿਖਲਾਈ ਦੇ ਵਿਸ਼ੇ ਬਾਰੇ ਇੱਕ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ਲੁੁਧਿਆਣਾ ਜ਼ਿਲੇ ਦੇ ਪਿੰਡਾਂ ਅਖਾੜਾ ਅਤੇ ਖੇੜੀ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਸਿਖਲਾਈ ਦੇਣ ਲਈ ਲਾਇਆ ਗਿਆ। ਇਸ ਕੈਂਪ ਵਿੱਚ 50 ਸਿਖਿਆਰਥੀ ਸ਼ਾਮਿਲ ਹੋਏ। ਇਹ ਕੈਂਪ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਤਕਨਾਲੋਜੀ ਅਧੀਨ ਕਰਵਾਇਆ ਗਿਆ। ਇਸਦੇ ਆਯੋਜਨ ਵਿੱਚ ਸਕਿੱਲ ਡਿਵੈਲਮਪਮੈਂਟ ਸੈਂਟਰ ਨੇ ਸਹਿਯੋਗ ਕੀਤਾ।
ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਐੱਮ ਐੱਸ ਆਲਮ ਨੇ ਖੇਤੀ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਨੂੰ ਅੱਜ ਦੇ ਸਮੇਂ ਦੀ ਲੋੜ ਕਿਹਾ। ਉਹਨਾਂ ਮਿਆਰੀ ਉਤਪਾਦ ਤਿਆਰ ਕਰਨ ਅਤੇ ਵਢਾਈ ਤੋਂ ਬਾਅਦ ਫਸਲਾਂ ਦੇ ਨੁਕਸਾਨ ਘੱਟ ਕਰਨ ਸੰਬੰਧੀ ਜਾਣਕਾਰੀ ਦਿੱਤੀ।
ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਕਿਸਾਨ ਬੀਬੀਆਂ ਲਈ ਖੇਤੀ ਕਾਰੋਬਾਰ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਹਨਾਂ ਨੇ ਔਰਤਾਂ ਨੂੰ ਪਿੰਡਾਂ ਵਿੱਚ ਸਵੈ-ਸੇਵੀ ਸਮੂਹ ਬਨਾਉਣ ਲਈ ਪ੍ਰੇਰਿਤ ਕੀਤਾ।
ਕੀਟ ਵਿਗਿਆਨੀ ਡਾ. ਮਨਪ੍ਰੀਤ ਕੌਰ ਸੈਣੀ ਨੇ ਚੰਗੇ ਅਤੇ ਮਿਆਰੀ ਉਤਪਾਦਾਂ ਦੀ ਸਾਂਭ-ਸੰਭਾਲ ਅਤੇ ਭੰਡਾਰਨ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਅਨਾਜ ਦੀ ਸੰਭਾਲ ਸਮੇਂ ਸੰਯੁਕਤ ਕੀਟ ਪ੍ਰਬੰਧ ਦੇ ਤਰੀਕੇ ਵੀ ਸਿਖਿਆਰਥੀਆਂ ਨੂੰ ਦੱਸੇ।
ਡਾ. ਅਤਿੰਦਰਪਾਲ ਕੌਰ ਨੇ ਸਮਾਜ ਵਿੱਚ ਔਰਤ ਦੀ ਭੂਮਿਕਾ ਬਾਰੇ ਅਤੇ ਡਾ. ਮਨਿੰਦਰ ਕੌਰ ਨੇ ਗੁੜ ਬਨਾਉਣ ਦੀ ਸੁਰੱਖਿਅਤ ਤਕਨੀਕ ਬਾਰੇ ਜਾਣਕਾਰੀ ਦਿੱਤੀ। ਪਿੰਡ ਅਖਾੜਾ ਦੇ ਸ੍ਰੀ ਸੁਖਵਿੰਦਰ ਸਿੰਘ ਅਤੇ ਪਿੰਡ ਖੇੜੀ ਦੇ ਸ੍ਰੀ ਗੁਰਪਾਲ ਸਿੰਘ ਨੇ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
ਇਸ ਸਿਖਲਾਈ ਦੌਰਾਨ ਪੀ.ਏ.ਯੂ. ਦਾ ਖੇਤੀ ਸਾਹਿਤ ਵੰਡਿਆ ਗਿਆ ਅਤੇ ਚੰਗੀ ਖੇਤੀ ਦੀ ਸਲਾਨਾ ਮੈਂਬਰਸ਼ਿਪ ਕਿਸਾਨਾਂ ਤੋਂ ਪ੍ਰਾਪਤ ਕੀਤੀ।