ਨਿਊਜ਼ ਡੈਸਕ: ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਪਾਕਿਸਤਾਨ ਦੇ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਜ਼ਫਰ ਐਕਸਪ੍ਰੈਸ ਟਰੇਨ ‘ਤੇ ਭਾਰੀ ਗੋਲੀਬਾਰੀ ਕਰਕੇ ਕਬਜ਼ਾ ਕਰ ਲਿਆ ਹੈ। ਬੀ.ਐੱਲ.ਏ. ਨੇ ਟ੍ਰੇਨ ‘ਤੇ ਹਮਲੇ ਅਤੇ ਉਸ ਤੋਂ ਬਾਅਦ ਫੌਜ ਨਾਲ ਹੋਏ ਮੁਕਾਬਲੇ ‘ਚ 30 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। 214 ਲੋਕਾਂ ਨੂੰ ਫੜਨ ਦਾ ਦਾਅਵਾ ਕਰਦਿਆਂ ਬੀ.ਐਲ.ਏ. ਨੇ ਚੇਤਾਵਨੀ ਦਿੱਤੀ ਕਿ ਜੇਕਰ ਫ਼ੌਜ ਨੇ ਬੰਧਕਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇਗਾ। ਪੁਲਿਸ ਨੇ ਮੰਨਿਆ ਹੈ ਕਿ ਸਿਰਫ 35 ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ। ਦੇਰ ਰਾਤ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਸੀ। ਪਾਕਿਸਤਾਨੀ ਫੌਜ ਨੇ 13 ਬਲੋਚ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਬੀਐਲਏ ਨੇ ਦੇਰ ਰਾਤ ਦੱਸਿਆ ਕਿ ਅੱਠ ਘੰਟੇ ਤੱਕ ਲਗਾਤਾਰ ਮੁੱਠਭੇੜ ਤੋਂ ਬਾਅਦ ਪਾਕਿਸਤਾਨੀ ਫ਼ੌਜ ਅਤੇ ਹਵਾਈ ਫ਼ੌਜ ਪਿੱਛੇ ਹਟ ਗਈ ਹੈ। ਟਰੇਨ ਬੰਧਕਾਂ ਨੂੰ ਜੰਗੀ ਕੈਦੀ ਦੱਸਦੇ ਹੋਏ ਸੰਗਠਨ ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨੂੰ ਜੇਲ ‘ਚ ਬੰਦ ਬਲੋਚ ਨੇਤਾਵਾਂ ਅਤੇ ਜ਼ਬਰਦਸਤੀ ਲਾਪਤਾ ਲੋਕਾਂ ਨਾਲ ਜੰਗੀ ਕੈਦੀਆਂ ਦੀ ਅਦਲਾ-ਬਦਲੀ ਕਰਨ ਲਈ 48 ਘੰਟੇ ਦਾ ਸਮਾਂ ਦੇ ਰਹੀ ਹੈ। ਜੇਕਰ ਉਸਦੇ ਲੋਕਾਂ ਨੂੰ ਰਿਹਾਅ ਨਾ ਕੀਤਾ ਗਿਆ, ਤਾਂ ਉਹ ਸਾਰੇ ਕਤਲ ਕਰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਨੌ ਡੱਬਿਆਂ ਵਾਲੀ ਇਸ ਟਰੇਨ ਵਿੱਚ 500 ਯਾਤਰੀ ਸਵਾਰ ਸਨ। ਮੁਕਾਬਲੇ ਤੋਂ ਬਾਅਦ ਇਨ੍ਹਾਂ ‘ਚੋਂ 80 ਲੋਕਾਂ ਨੂੰ ਬਚਾਇਆ ਗਿਆ ਹੈ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ, BLA ਨੇ ਖੈਬਰ ਪਖਤੂਨਖਵਾ ਦੇ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਰੇਲਗੱਡੀ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ। ਪੀਰੂ ਕੋਨੇਰੀ ਅਤੇ ਗਦਾਲਾਰ ਵਿਚਕਾਰ ਸੁਰੰਗ ਨੰਬਰ 8 ‘ਤੇ ਜ਼ਫਰ ਐਕਸਪ੍ਰੈਸ ‘ਤੇ ਭਿਆਨਕ ਗੋਲੀਬਾਰੀ ਕੀਤੀ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਮਰਜੈਂਸੀ ਰਾਹਤ ਰੇਲ ਗੱਡੀ ਮੌਕੇ ‘ਤੇ ਪਹੁੰਚ ਗਈ ਹੈ। ਸਰਕਾਰ ਨੇ ਮੌਤਾਂ ਅਤੇ ਬੰਧਕਾਂ ਦੇ ਕੋਈ ਅੰਕੜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬਲੋਚ ਸਰਕਾਰ ਨੇ ਇਲਾਕੇ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਸਾਰੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਕਿਹਾ, ਨਿਰਦੋਸ਼ ਲੋਕਾਂ ‘ਤੇ ਗੋਲੀਆਂ ਚਲਾਉਣ ਵਾਲੇ ਬੇਰਹਿਮ ਲੋਕ ਕਿਸੇ ਰਹਿਮ ਦੇ ਹੱਕਦਾਰ ਨਹੀਂ ਹਨ। ਹਮਲਾਵਰਾਂ ਨਾਲ ਨਜਿੱਠਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਚਾਅ ਕਾਰਜ ਲਈ ਰਵਾਨਾ ਹੋਏ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਆਖਰੀ ਅੱਤਵਾਦੀ ਦੇ ਮਾਰੇ ਜਾਣ ਤੱਕ ਬਚਾਅ ਕਾਰਜ ਜਾਰੀ ਰਹੇਗਾ।
ਜੰਮੂ-ਕਸ਼ਮੀਰ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਐਸਪੀ ਵੈਦ ਨੇ ਕਿਹਾ, ਪਾਕਿਸਤਾਨ ਇਕ ਵਾਰ ਫਿਰ ਟੁੱਟਣ ਦੀ ਕਗਾਰ ‘ਤੇ ਹੈ। ਉਥੋਂ ਦੀ ਫੌਜ ਅਤੇ ਸਰਕਾਰ ਬਲੋਚਿਸਤਾਨ ‘ਤੇ ਕੰਟਰੋਲ ਗੁਆ ਚੁੱਕੀ ਹੈ। ਉਥੋਂ ਦੇ ਸੰਸਦ ਮੈਂਬਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਪਾਕਿਸਤਾਨ ਦੀ ਸੈਨੇਟ ‘ਚ ਬਿਆਨ ਦਿੱਤਾ ਹੈ ਕਿ ਸੂਬੇ ਦੇ ਛੇ-ਸੱਤ ਜ਼ਿਲ੍ਹੇ ਪੂਰੀ ਤਰ੍ਹਾਂ ਅੱਤਵਾਦੀਆਂ ਦੇ ਕਬਜ਼ੇ ‘ਚ ਹਨ ਅਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।
ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਕਿਹਾ ਕਿ ਮਜੀਦ ਬ੍ਰਿਗੇਡ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਪਾਕਿਸਤਾਨੀ ਫੌਜ ਬੰਧਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇ। ਆਪਣੇ ਆਖਰੀ ਸਾਹ ਤੱਕ ਦੁਸ਼ਮਣ ਨਾਲ ਲੜਦੇ ਰਹੋ ਅਤੇ ਬਿਨਾਂ ਪਿੱਛੇ ਹਟੇ ਆਪਣੀ ਸ਼ਹਾਦਤ ਦੇ ਦਿਓ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।