ਡੇਰਾਬੱਸ : ਡੇਰਾਬੱਸੀ ਦੇ ਮੁੱਖ ਬਾਜ਼ਾਰ ਨੇੜੇ ਰਿਹਾਇਸ਼ੀ ਇਲਾਕੇ ‘ਚ ਅੱਜ ਵੀਰਵਾਰ ਸਵੇਰੇ ਉਸਾਰੀ ਅਧੀਨ ਇੱਕ 2 ਮੰਜ਼ਿਲਾਂ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਇਸ ਹਾਦਸੇ ‘ਚ ਅਜੇ ਤੱਕ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਮਜ਼ਦੂਰਾਂ ਦਾ ਇਮਾਰਤ ਦੇ ਮਲਬੇ ਹੇਠ ਦੱਬਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਮਾਰਤ ‘ਚ ਪੰਜ ਮਜ਼ਦੂਰ ਕੰਮ ‘ਤੇ ਲੱਗੇ ਹੋਏ ਸਨ ਜਿਨ੍ਹਾਂ ‘ਚੋਂ ਦੋ ਦੀ ਮੌਤ ਹੋ ਗਈ ਹੈ। ਫਿਲਹਾਲ ਘਟਨ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਮਲਬਾ ਹਟਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਮੀਰਾਮੱਲੀ ਮੁਹੱਲੇ ‘ਚ ਇੱਕ ਵਿਅਕਤੀ ਵਲੋਂ ਆਪਣੇ ਪੁਰਾਣੇ ਘਰ ਨੂੰ ਤੋੜ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਸਨ, ਜਿਸ ਦਾ ਅਚਾਨਕ ਲੈਂਟਰ ਡਿੱਗ ਗਿਆ। ਜ਼ਮੀਨ ਦਾ ਮਾਲਕ ਵੀ ਲੈਂਟਰ ਹੇਠਾਂ ਦੱਬਣ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।