ਨਵੀਂ ਦਿੱਲੀ: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ। ਉਥੇ ਹੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ(ਐਨਜੀਟੀ) ਨੇ ਵੱਡਾ ਫੈਸਲਾ ਲੈਂਦੇ ਹੋਏ ਦਿੱਲੀ-ਐਨਸੀਆਰ ਵਿੱਚ 30 ਨਵੰਬਰ ਤੱਕ ਪਟਾਕੇ ਚਲਾਉਣ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਹੋਰ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਪੱਧਰ ਦੀ ਹੈ, ਉੱਥੇ ਵੀ ਇਹ ਰੋਕ ਲਾਗੂ ਹੋਵੇਗੀ।
ਐਨਜੀਟੀ ਦੇ ਆਦੇਸ਼ ਅਨੁਸਾਰ ਦਿੱਲੀ-ਐਨਸੀਆਰ ਵਿੱਚ ਸਭ ਪ੍ਰਕਾਰ ਦੇ ਪਟਾਕਿਆਂ ਦੀ ਵਿਕਰੀ ਜਾਂ ਵਰਤੋਂ ‘ਤੇ 9 ਨਵੰਬਰ ਦੀ ਅੱਧੀ ਰਾਤ ਤੋਂ 30 ਨਵੰਬਰ ਦੀ ਅੱਧੀ ਰਾਤ ਤੱਕ ਪੂਰਨ ਰੋਕ ਲਗਾਈ ਗਈ ਹੈ। ਪਟਾਕਿਆਂ ‘ਤੇ ਐਨਜੀਟੀ ਰੋਕ ਦੇਸ਼ ਦੇ ਸਾਰੇ ਸ਼ਹਿਰਾਂ/ਕਸਬਿਆਂ ‘ਤੇ ਲਾਗੂ ਹੋਵੇਗੀ ਜਿੱਥੇ ਨਵੰਬਰ ਦੌਰਾਨ ਹਵਾ ਦੀ ਗੁਣਵੱਤਾ ਖ਼ਰਾਬ ਅਤੇ ਇਸ ਤੋਂ ਉੱਤੇ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਐਨਜੀਟੀ ਨੇ ਸਾਰੇ ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਨੂੰ ਵੇਖਦੇ ਹੋਏ ਸਾਰੇ ਸਰੋਤਾਂ ਤੋਂ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਅਭਿਆਨ ਸ਼ੁਰੂ ਕਰਨ।
ਆਦੇਸ਼ ਦੇ ਅਨੁਸਾਰ ਇਹ ਰੋਕ ਉਨ੍ਹਾਂ ਸਾਰੇ ਸ਼ਹਿਰਾਂ ਵਿੱਚ ਲਾਗੂ ਹੋਵੇਗੀ ਜਿੱਥੇ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਕਾਬਲੇ ਇਸ ਨਵੰਬਰ ਵਿੱਚ ਔਸਤ ਹਵਾ ਗੁਣਵੱਤਾ ਖ਼ਰਾਬ ਜਾਂ ਖਤਰਨਾਕ ਪੱਧਰ ‘ਤੇ ਹੋਵੇਗੀ।