ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ‘ਚ ਸ਼ਰਾਬ ਖਰੀਦਣ ਲਈ ਕੋਰੋਨਾ ਵੈਕਸੀਨ ਲੈਣਾ ਲਾਜ਼ਮੀ

TeamGlobalPunjab
2 Min Read

ਚੇਨਈ : ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਸ਼ਰਾਬ ਦੀ ਖਰੀਦ ਲਈ ਕੋਰੋਨਾ ਵੈਕਸੀਨ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਹੁਣ ਪੀਣ ਵਾਲਿਆਂ ਨੂੰ ਸ਼ਰਾਬ ਖਰੀਦਣ ਲਈ ਪਹਿਲਾਂ ਵੈਕਸੀਨ ਦੇ ਦੋਵੇਂ ਟੀਕੇ ਲਗਵਾਉਣੇ ਪੈਣਗੇ।

ਕੋਵਿਡ ਟੀਕਾਕਰਣ ਨੂੰ ਉਤਸ਼ਾਹਤ ਕਰਨ ਦੇ ਲਈ, ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹਾ ਦੇ ਅਧਿਕਾਰੀਆਂ ਨੇ ਰਾਜ ਦੇ ਸੰਚਾਲਿਤ ਟੀਐਸਐਮਏਸੀ ਦੁਕਾਨਾਂ ਤੋਂ ਅਲਕੋਹਲ ਖਰੀਦਣ ਲਈ ਨਿਵਾਸੀਆਂ ਨੂੰ ਕੋਵਿਡ ਸ਼ਾਟ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨਾ ਲਾਜ਼ਮੀ ਕਰ ਦਿੱਤਾ ਹੈ। ਤਾਮਿਲਨਾਡੂ ਵਿੱਚ ਅਜਿਹੀ ਪਹਿਲਕਦਮੀ ਕਰਨ ਵਾਲਾ ਨੀਲਗਿਰੀ ਪਹਿਲਾ ਜ਼ਿਲ੍ਹਾ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਲੋਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ, ਪਰ ਉਨ੍ਹਾਂ ਨੂੰ ਸ਼ਰਾਬ ਪੀਣ ਵਿੱਚ ਕੋਈ ਇਤਰਾਜ਼ ਨਹੀਂ ਹੈ । ਇਸੇ‌ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਨਿਵੇਕਲੀ ਪਹਿਲ ਕੀਤੀ ਹੈ।

ਦਰਅਸਲ ਇਹ ਆਈਡੀਆ ਨੀਲਗਿਰੀ ਜ਼ਿਲ੍ਹੇ ਦੀ ਕਲੈਕਟਰ ਜੇ. ਮਾਸੂਮ ਦਿਵਿਆ ਦਾ ਹੈ।  ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕਾਂ ਵਲੋਂ ਵੈਕਸੀਨ ਲਈ ਕੋਈ ਨਾ ਕੋਈ ਬਹਾਨਾ ਕਰਕੇ ਇਸਨੂੰ ਲਗਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ, ਇਹਨਾਂ ਵਿੱਚੋਂ ਇੱਕ ਸ਼ਰਾਬ ਦਾ ਬਹਾਨਾ ਸੀ। ਜ਼ਿਲ੍ਹੇ ਦੀ ਕਲੈਕਟਰ ਨੇ ਅਜਿਹੇ ਲੋਕਾਂ ਤੋਂ ਦੋ ਕਦਮ ਅੱਗੇ ਵੱਧ ਕੇ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ।

  ਕਲੈਕਟਰ ਜੇ. ਮਾਸੂਮ ਦਿਵਿਆ ਨੇ ਦੱਸਿਆ ਕਿ ਕੁਝ ਲੋਕ ਕਹਿੰਦੇ ਹਨ ਕਿ ਸ਼ਰਾਬ ਪੀਣ ਕਾਰਨ ਉਹ ਟੀਕਾਕਰਣ ਨਹੀਂ ਕਰਵਾ ਪਾ ਰਹੇ ਹਨ। ਇਸ ਲਈ ਹੁਣ ਉਨ੍ਹਾਂ ਨੂੰ ਅਲਕੋਹਲ ਖਰੀਦਣ ਲਈ ਟੀਕਾਕਰਣ ਦੇ ਸਬੂਤ ਦਿਖਾਉਣੇ ਪੈਣਗੇ। ਉਨ੍ਹਾਂ ਕਿਹਾ ਕਿ ਉਹ ਪੂਰੇ ਜ਼ਿਲ੍ਹੇ  ‘ਚ ਕੋਵਿਡ ਵੈਕਸੀਨੇਸ਼ਨ ਦੇ ਟੀਚੇ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁੰਦੇ ਹਨ।

Share This Article
Leave a Comment