ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਸੋਪੋਰ ‘ਚ ਹੋਏ ਅੱਤਵਾਦੀ ਹਮਲੇ ‘ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ ਤਿੰਨ ਜਵਾਨ ਜ਼ਖ਼ਮੀ ਹੋਏ ਹਨ। ਇਸ ਅੱਤਵਾਦੀ ਹਮਲੇ ਵਿੱਚ ਇੱਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਉੱਥੇ ਹੀ ਇਸ ਘਟਨਾ ਨਾਲ ਜੁੜੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਗਿਆ।
ਰਿਪੋਰਟਾਂ ਮੁਤਾਬਕ ਜਿਸ ਸਥਾਨਕ ਨਾਗਰਿਕ ਦੀ ਇਸ ਹਮਲੇ ‘ਚ ਮੌਤ ਹੋਈ ਹੈ, ਉਹ ਆਪਣੇ ਤਿੰਨ ਸਾਲ ਦੇ ਪੋਤੇ ਦੇ ਨਾਲ ਦੁੱਧ ਖਰੀਦਣ ਨਿਕਲੇ ਸਨ, ਇਸ ਦੌਰਾਨ ਹੋਏ ਅੱਤਵਾਦੀ ਹਮਲੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਮਾਸੂਮ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੇ ਦਾਦੇ ਦੀ ਜਾਨ ਚੱਲੀ ਗਈ ਹੈ ਤੇ ਉਹ ਆਪਣੇ ਦਾਦੇ ਦੀ ਮ੍ਰਿਤਕ ਦੇਹ ‘ਤੇ ਬੈਠਾ ਰਿਹਾ ਤੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਰਿਹਾ।
ਇਸ ਦੌਰਾਨ ਜਵਾਨਾਂ ਦੀ ਨਜ਼ਰ ਉਸ ਬੱਚੇ ‘ਤੇ ਪਈ ਤੇ ਜਵਾਨਾਂ ਨੇ ਬੱਚੇ ਨੂੰ ਬਚਾਉਣ ਲਈ ਮੋਰਚਾ ਸੰਭਾਲਿਆ ਤੇ ਬੱਚੇ ਨੂੰ ਸਹੀ ਸਲਾਮਤ ਘਰ ਪਹੁੰਚਾਇਆ।