ਵਰਲਡ ਡੈਸਕ – ਮਿਆਂਮਾਰ ‘ਚ, ਸੈਨਿਕ ਤਖਤਾ ਪਲਟਣ ਦੇ ਵਿਰੁੱਧ, ਲਗਾਤਾਰ ਨੌਵੇਂ ਦਿਨ, ਜ਼ਿਆਦਾਤਰ ਸ਼ਹਿਰਾਂ ‘ਚ ਸੜਕਾਂ ‘ਤੇ ਲੋਕਾਂ ਦੀ ‘ਚ ਭੀੜ ਵੇਖੀ ਗਈ। ਹਾਕਮ ਫੌਜ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ ਤਿੰਨ ਬੁਨਿਆਦੀ ਕਾਨੂੰਨਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਹੈ। ਦੇਸ਼ ਦੇ ਵੱਡੇ ਸ਼ਹਿਰ ਯਾਂਗਨ ‘ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬੀਤੇ ਐਤਵਾਰ ਨੂੰ ਚਿੱਟੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ। ਰਾਜਧਾਨੀ ਨੇਪੇਟਾ ‘ਚ ਵੀ ਲੋਕਾਂ ਨੇ ਮੋਟਰਸਾਈਕਲਾਂ ਤੇ ਕਾਰਾਂ ਦੀ ਇੱਕ ਲੰਬੀ ਰੈਲੀ ਕੱਢੀ।
ਦੱਸ ਦਈਏ ਸੈਨਿਕ ਅਗਵਾਈ ਹੇਠ ਕੰਮ ਕਰਨ ਵਾਲੀ ਖੇਤਰੀ ਪਰਿਸ਼ਦ ਨੇ ਨਿੱਜੀ ਸੁਰੱਖਿਆ ਤੇ ਆਜ਼ਾਦੀ ਨਾਲ ਸਬੰਧਤ ਕਾਨੂੰਨ ਦੀ ਧਾਰਾ 5, 7 ਤੇ 8 ਨੂੰ ਮੁਅੱਤਲ ਕਰ ਦਿੱਤਾ ਹੈ। ਸੈਕਸ਼ਨ 5 ਗੋਪਨੀਯਤਾ ਦੇ ਅਧਿਕਾਰ ਦੀ ਵਿਵਸਥਾ ਕਰਦਾ ਹੈ। ਸਥਾਨਕ ਦੋ ਗਵਾਹਾਂ ਤੋਂ ਬਿਨਾਂ ਪ੍ਰਸ਼ਾਸਨ ਨੂੰ ਕਿਸੇ ਦੇ ਘਰ ‘ਚ ਦਾਖਲ ਹੋਣ, ਭਾਲ ਕਰਨ ਜਾਂ ਗ੍ਰਿਫਤਾਰ ਕਰਨ ਦਾ ਅਧਿਕਾਰ ਨਹੀਂ ਹੈ। ਸੈਕਸ਼ਨ ਸੱਤ ਇਹ ਦਰਸਾਉਂਦਾ ਹੈ ਕਿ 24 ਘੰਟਿਆਂ ਤੋਂ ਵੱਧ ਸਮੇਂ ਲਈ ਗ੍ਰਿਫਤਾਰੀ ਸਮੇਂ ਅਦਾਲਤ ‘ਚ ਪੇਸ਼ ਕਰਨਾ ਲਾਜ਼ਮੀ ਹੈ। ਸੈਕਸ਼ਨ 8 ਵਿਅਕਤੀਗਤ ਆਜ਼ਾਦੀ ਨਾਲ ਸੰਬੰਧ ਰੱਖਦਾ ਹੈ। ਕਿਸੇ ਦੇ ਘਰ ਜਾਂ ਨਿਜੀ ਕਮਰੇ ‘ਚ ਦਾਖਲ ਹੋਣ ਲਈ ਕਾਨੂੰਨੀ ਉਪਚਾਰਾਂ ਦੀ ਲੋੜ ਹੁੰਦੀ ਹੈ।
ਜਪਾਨ ਦੀ ਰਾਜਧਾਨੀ ਟੋਕਿਓ ‘ਚ ਹਜ਼ਾਰਾਂ ਲੋਕਾਂ ਨੇ ਮਿਆਂਮਾਰ ‘ਚ ਲੋਕਤੰਤਰ ਦੀ ਬਹਾਲੀ ਲਈ ਵਿਸ਼ਾਲ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ‘ਚ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਦੇ ਚਿਹਰੇ ਦੀਆਂ ਤਸਵੀਰਾਂ ਸਨ। ਜਪਾਨ ‘ਚ ਇਹ ਸਭ ਤੋਂ ਵੱਡਾ ਪ੍ਰਦਰਸ਼ਨ ਸੀ।