ਹਜ਼ਾਰਾਂ ਨਸ਼ਾ ਤਸਕਰ ਸਲਾਖ਼ਾਂ ਪਿੱਛੇ ਭੇਜੇ ਜਾ ਚੁੱਕੇ ਹਨ ਤੇ ਹੁਣ ਵੱਡੀਆਂ ਮੱਛੀਆਂ ਦੀ ਵਾਰੀ: CM  ਮਾਨ

Global Team
4 Min Read

ਚੰਡੀਗੜ੍ਹ: CM ਭਗਵੰਤ ਮਾਨ ਨੇ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਨਸ਼ਿਆਂ ਵਿਰੁਧ ਵੱਡੀ ਜੰਗ ਜਾਰੀ ਹੈ। ਪੰਜਾਬ ਦੇ ਕਈ ਪਿੰਡਾਂ ਵਿਚ ਪੰਚਾਇਤਾਂ ਵਲੋਂ ਨਸ਼ਿਆਂ ਵਿਰੁਧ ਮਤੇ ਪਾਏ ਜਾ ਰਹੇ ਹਨ। ਜਿਨ੍ਹਾਂ ਵਿਚ ਲੋਕ ਪਰਮ ਲੈਂਦੇ ਹਨ ਕਿ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਨਾ ਹੀ ਆਪਣੇ ਪਿੰਡਾਂ ਵਿਚ ਨਸ਼ਾ ਵਿਕਣ ਦੇਣਗੇ ਤੇ ਨਾ ਹੀ ਨਸ਼ਾ ਤਸਕਰਾਂ ਦਾ ਸਾਥ ਦੇਣਗੇ, ਇੱਥੋਂ ਤਕ ਕਿ ਜੇਕਰ ਕੋਈ ਨਸ਼ਾ ਵੇਚਦਾ ਫੜ੍ਹਿਆ ਗਿਆ ਤਾਂ ਉਸ ਦੀ ਜ਼ਮਾਨਤ ਦੇਣ ਵੀ ਕੋਈ ਨਹੀਂ ਜਾਵੇਗਾ।  ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਦਾ ਸਾਥ ਦੇਵੇਗਾ ਤਾਂ ਉਸ ਦਾ ਸਮਾਜਕ ਬਾਈਕਾਟ ਕੀਤਾ ਜਾਵੇਗਾ।

CM  ਮਾਨ ਨੇ ਦੱਸਿਆ ਕਿ ਹੁਣ ਤਕ ਹਜ਼ਾਰਾਂ ਨਸ਼ਾ ਤਸਕਰ ਸਲਾਖ਼ਾਂ ਪਿੱਛੇ ਭੇਜੇ ਜਾ ਚੁੱਕੇ ਹਨ ਤੇ ਹੁਣ ਵੱਡੀਆਂ ਮੱਛੀਆਂ ਦੀ ਵਾਰੀ ਹੈ। ਉਨ੍ਹਾਂ ਇਹ ਪ੍ਰੈੱਸ ਕਾਨਫ਼ਰੰਸ ਮਜੀਠਿਆ ਦੀ ਗ੍ਰਿਫ਼ਤਾਰੀ ਦੇ ਸੰਦਰਭ ਵਿਚ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੱਡੇ-ਵੱਡੇ ਸਿਆਸੀ ਆਗੂ ਸਰਕਾਰ ਉੱਤੇ ਦੋਸ਼ ਲਗਾਉਂਦੇ ਸਨ ਕਿ ਛੋਟੇ-ਛੋਟੇ ਤਸਕਰਾਂ ਵਿਰੁਧ ਕਾਰਵਾਈ ਹੋ ਰਹੀ ਹੈ ਪਰ ਅੱਜ ਜਦੋਂ ਵੱਡੀ ਮੱਛੀ ਨੂੰ ਹੱਥ ਪਾਇਆ ਗਿਆ ਤਾਂ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਸਿਆਸੀ ਆਗੂ ਮਜੀਠੀਆ ਦੇ ਹੱਕ ਵਿਚ ਬੋਲ ਰਹੇ ਹਨ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਵੀ ਉਸ ਦੇ ਨਾਲ ਰਲੇ ਹੋਏ ਹਨ।

ਮੁੱਖ ਮੰਤਰੀ ਨੇ ਸਾਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਕਿੰਨੇ ਵੀ ਰਸੂਖ਼ ਵਾਲਾ ਹੋਵੇ ਜਾਂ ਕਿਸੇ ਵੱਡੇ ਅਹੁਦੇ ਉੱਤੇ ਹੋਵੇ, ਜੇਕਰ ਉਹ ਨਸ਼ੇ ਦੇ ਕਾਰੋਬਾਰ ਵਿਚ ਲਿਪਤ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਛਾਪੇਮਾਰੀ ਤੋਂ ਪਹਿਲਾਂ ਜਿਹੜੇ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਨੂੰ ਜਾਣਕਾਰੀ ਦਿੰਦੇ ਸਨ, ਉਨ੍ਹਾਂ ਦੇ ਵੱਡੇ ਪੱਧਰ ਉੱਤੇ ਤਬਾਦਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਅਸੀਂ ਪੱਕੇ ਪੈਰੀਂ, ਕਾਗ਼ਜ਼ ਪੂਰੇ ਕਰ ਕੇ ਕਾਰਵਾਈ ਕਰ ਰਹੇ ਹਾਂ। ਅਸੀਂ ਤੀਰ-ਤੁੱਕੇ ਨਾਲ ਕੰਮ ਨਹੀਂ ਕਰਦੇ। ਮਾਵਾਂ-ਭੈਣਾਂ ਦੀਆਂ ਚੁੰਨੀਆਂ ਚਿੱਟੀਆਂ ਕਰ ਕੇ ਆਪ ਤਿੰਨ-ਤਿੰਨ ਮੰਜ਼ਿਲ ਦੀਆਂ ਕੋਠੀਆਂ ‘ਚ ਮਹਿਫ਼ਲਾਂ ਸਜਾਉਣ, ਇਹ ਬਰਦਾਸ਼ਤ ਨਹੀਂ ਕਰਾਂਗੇ।

ਜਿਨ੍ਹਾਂ ਨੇ ਨਸ਼ਿਆਂ ਦੀ ਕਾਲੀ ਕਮਾਈ ਨਾਲ ਕੋਠੀਆਂ ਬਣਾਈਆਂ ਸਨ ਉਨ੍ਹਾਂ ਕੋਠੀਆਂ ਨੂੰ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਪਲਾਇਰਾਂ ਦੀ ਚੇਨ ਤੋੜਾਂਗੇ ਤੇ ਛੋਟੇ ਤਸਕਰ ਜਿਨ੍ਹਾਂ ਵੱਡੇ ਤਸਕਰਾਂ ਦੇ ਕਹਿਣ ਉੱਤੇ ਨਸ਼ਾ ਸਪਲਾਈ ਕਰਦੇ ਹਨ ਉਨ੍ਹਾਂ ਨੂੰ ਕਿਸੇ ਵੀ ਸਿਫ਼ਾਰਿਸ਼ ਉੱਤੇ ਛੱਡਿਆ ਨਹੀਂ ਜਾਵੇਗਾ। ਕਿਸੇ ਵੀ ਡਰੱਗ ਤਸਕਰ ਉੱਤੇ ਤਰਸ ਨਹੀਂ ਕੀਤਾ ਜਾਵੇਗਾ।

CM ਮਾਨ ਨੇ ਮਜੀਠੀਆ ਦੇ ਘਰੋਂ ਮਿਲੀਆਂ ਚੀਜ਼ਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੇ ਘਰੋਂ 29 ਮੋਬਾਈਲ, 4 ਲੈਪਟਾਪ ਤੇ ਕਈ ਡਾਇਰੀਆਂ ਆਦਿ ਮਿਲੀਆਂ ਹਨ। ਜਿਨ੍ਹਾਂ ਦੀ ਜਾਂਚ ਚਲ ਰਹੀ ਹੈ ਅਤੇ ਜਾਂਚ ਤੋਂ ਬਾਅਦ ਵਿਜੀਲੈਂਸ ਖ਼ੁਲਾਸਾ ਕਰੇਗੀ ਕਿ ਮਜੀਠੀਆ ਦੇ ਤਾਰ ਕਿੱਥੇ-ਕਿੱਥੇ ਜੁੜੇ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਮਾਨ ਉਨ੍ਹਾਂ ਆਪਣੇ ਘਰ ਵੱਡੀ ਦਲੇਰੀ ਨਾਲ ਰੱਖਿਆ ਹੋਇਆ ਸੀ ਕਿਉਂਕਿ ਉਸ ਨੂੰ ਲਗਦਾ ਸੀ ਕਿ ਵਿਜੀਲੈਂਸ ਉਸ ਦੇ ਘਰ ਨਹੀਂ ਆ ਸਕਦੀ। ਉਨ੍ਹਾਂ ਮਜੀਠੀਆ ਉੱਤੇ ਪਹਿਲਾਂ ਤੋਂ ਦਰਜ ਮਾਮਲਿਆਂ ਬਾਰੇ ਦੱਸਿਆ ਕਿ 2021 ਦੀ ਇੱਕ ਹੋਰ ਐਫ਼ਆਈਆਰ ਹੈ, ਈਡੀ ਇਸ ਮਾਮਲੇ ਵਿੱਚ ਪਹਿਲਾਂ ਵੀ ਆਈ ਸੀ ਅਤੇ ਦੁਬਾਰਾ ਆ ਸਕਦੀ ਹੈ।

 

Share This Article
Leave a Comment