ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਰੁੱਕ-ਰੁੱਕ ਕੇ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ‘ਚ ਖੜ੍ਹੀ ਕਣਕ ਦੀ ਫਸਲ ‘ਤੇ ਮੀਂਹ ਦਾ ਬੁਰਾ ਅਸਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਚੱਲ ਰਹੀਆਂ ਤੇਜ਼ ਹਵਾਵਾਂ ਦੇ ਨਾਲ ਫਸਲ ਵੀ ਵਿਛ ਗਈ ਹੈ। ਜਿਸ ਕਾਰਨ ਕਿਸਾਨ ਕਾਫ਼ੀ ਨਿਰਾਸ਼ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ ਤਕਰੀਬਨ 50 ਫੀਸਦ ਕਣਕ ਦੀ ਫਸਲ ਮੌਕੇ ‘ਤੇ ਖਰਾਬ ਹੋ ਗਈ ਹੈ।
ਇਸ ਤੋਂ ਇਲਾਵਾ ਜਿਹੜੀ ਬਾਕੀ ਫਸਲ ਖੜ੍ਹੀ ਹੈ ਉਸ ਦਾ ਝਾੜ ਵੀ ਬਹੁਤ ਘੱਟ ਨਿਕਲੇਗਾ। ਇਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਸਰਕਾਰ ਪਹਿਲ ਦੇ ਆਧਾਰ ‘ਤੇ ਉਹਨਾਂ ਨੂੰ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ।
ਦੂਜੇ ਪਾਸੇ ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਇੱਕ ਸੂਏ ਵਿੱਚ ਪਾੜ ਪੈਣ ਨਾਲ ਪਿੰਡ ਰਾਮਾ ਦੀ ਫਸਲ ਵੀ ਖਰਾਬ ਹੋ ਗਈ ਹੈ। ਪਿੰਡ ਵਾਲਿਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਏ ਦੇ ਕੰਢੇ ਮਿੱਟੀ ਦੇ ਹੋਣ ਕਾਰਨ ਅਤੇ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸੂਏ ‘ਚ ਬੀਤੀ ਰਾਤ ਤਿੰਨ ਵਜੇ ਦੇ ਕਰੀਬ ਪਾੜ ਪੈ ਗਿਆ। ਜਿਸ ਕਾਰਨ ਪਾਣੀ ਖੇਤਾਂ ਵਿੱਚ ਪਹੁੰਚ ਗਿਆ। ਇੱਥੋਂ ਦੇ ਕਿਸਾਨਾਂ ਨੇ ਵੀ ਮੰਗ ਕੀਤੀ ਹੈ ਕਿ ਤਬਾਹ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ।