ਚੰਡੀਗੜ੍ਹ: ‘ਆਪ’ ਨੇ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ‘ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਦੇ ਵਿਰੁੱਧ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚੋਂ ਪੰਜ ਸਾਲ ਲਈ ਕੱਢੇ ਜਾਣ ਉੱਤੇ ਕਿਹਾ ਕਿ ਪਾਰਟੀ ਦੇ ਖਿਲਾਫ ਕੋਈ ਵੀ ਵਿਅਕਤੀ ਜਾਂ ਅਹੁਦੇਦਾਰ ਆਪਣੀ ਗਤੀਵਿਧੀ ਕਰੇਗਾ ਤਾਂ ਉਸ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਿਧਾਂਤਾਂ ਨੂੰ ਅਤੇ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਬਿਆਨ ਦੇ ਰਿਹਾ ਸੀ ਜਿਸ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਸੀ ਇਸ ਕਰਕੇ ਪਾਰਟੀ ਨੇ ਫੈਸਲਾ ਕੀਤਾ ਉਸ ਨੂੰ ਪਾਰਟੀ ਦੇ ਵਿੱਚੋਂ ਪੰਜ ਸਾਲਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਜੋ ਕਿ ਪਾਰਟੀ ਦਾ ਇੱਕ ਵਧੀਆ ਤੇ ਸ਼ਲਾਘਾਯੋਗ ਕਦਮ ਹੈ।
ਵਨ ਨੇਸ਼ਨ ਵਨ ਇਲੈਕਸ਼ਨ ਦੇ ਸਬੰਧ ਵਿੱਚ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਪ੍ਰਸਤਾਵ ਸਾਡੇ ਦੇਸ਼ ਦੇ ਫੈਡਰਲ ਢਾਂਚੇ ਦੇ ਖਿਲਾਫ ਹੈ ਜਿਸ ਨਾਲ ਸਾਰੀਆਂ ਸਟੇਟਾਂ ਦੇ ਵਿਕਾਸ ਸੱਭਿਆਚਾਰ ਅਤੇ ਹੋਰ ਕੰਮਾਂ ਉੱਤੇ ਉਲਟ ਅਸਰ ਪਵੇਗਾ। ਦੇਸ਼ ਅੰਦਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਵੀ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਠੇਸ ਪਹੁੰਚੇਗੀ ਜਿਸ ਨਾਲ ਹਰ ਸਟੇਟ ਦੇ ਅੰਦਰ ਆਪਣਾ ਕਲਚਰ ਆਪਣੀ ਭੁਗੋਲਕ ਸਥਿਤੀ ਹੋਣ ਦੇ ਕਾਰਨ ਉਹਨਾਂ ਦੇ ਲੋਕਤੰਤਰ ਢਾਂਚੇ ਉੱਤੇ ਬਹੁਤ ਵੱਡਾ ਅਸਰ ਪਵੇਗਾ ਜਿਸ ਨਾਲ ਉਸ ਸਟੇਟ ਦੀ ਵਿਕਾਸ ਦੀ ਗਤੀ ਘੱਟ ਜਾਵੇਗੀ ਅਤੇ ਖਾਸ ਕਰਕੇ ਰਾਜਨੀਤਿਕ ਵੱਡੀ ਮਾਰ ਪਵੇਗੀ। ਇਸ ਕਰਕੇ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਦੇ ਇਸ ਪ੍ਰਸਤਾਵ ਨੂੰ ਮੁੱਢ ਤੋਂ ਹੀ ਰੱਦ ਕਰਦੇ ਹੋਏ ਹੋਰ ਵੀ ਪਾਰਟੀਆਂ ਨੂੰ ਅਪੀਲ ਕਰਦੀ ਹੈ ਕਿ ਆਮ ਲੋਕਾਂ ਦੀ ਰਾਏ ਕਾਇਮ ਕਰਕੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕੀਤਾ ਜਾਵੇ।