ਕੈਪਟਨ ਨੇ ਵਿਸਾਖੀ ਮੌਕੇ ਲੋਕਾਂ ਨੂੰ ਘਰ ਰਹਿ ਕੇ ਅਰਦਾਸ ਕਰਨ ਦੀ ਕੀਤੀ ਅਪੀਲ

TeamGlobalPunjab
3 Min Read

ਚੰਡੀਗੜ੍ਹ: ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਅਤੇ ਆਉਣ ਵਾਲੀ ਪੀੜੀਆਂ ਦੀ ਸੁਰੱਖਿਆ ਲਈ ਵਿਸਾਖੀ ਦੇ ਤਿਉਹਾਰ ਮੌਕੇ ‘ਤੇ 13 ਅਪ੍ਰੈਲ ਨੂੰ ਸਵੇਰੇ 11 ਵਜੇ ਆਪਣੇ – ਆਪਣੇ ਘਰਾਂ ਤੋਂ ਜਾਨਲੇਵਾ ਕੋਵਿਡ – 19 ‘ਤੇ ਰਾਜ ਦੀ ਜਿੱਤ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਵਿਸਾਖੀ ਦੇ ਤਿਉਹਾਰ ਮੌਕੇ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਸੁਨੇਹਾ ਦਿੰਦੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜਰ ਇਸ ਵਾਰ ਦੀ ਵਿਸਾਖੀ ਪਹਿਲਾਂ ਤੋਂ ਵੱਖ ਹੈ, ਜਿਸ ਕਾਰਨ ਲੋਕ ਵੱਡੇ ਇਕੱਠ ਵਿੱਚ ਰਿਵਾਇਤੀ ਜੋਸ਼ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਬਾਹਰ ਨਹੀਂ ਨਿਕਲ ਸਕਦੇ।

ਉਨ੍ਹਾਂ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਭ ਦਾ ਆਪਣੇ ਘਰਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਵਿਸਾਖੀ ਦੇ ਪਵਿਤਰ ਦਿਨ ਨੂੰ ਸੂਬੇ ਵੱਲੋਂ ਕੋਵਿਡ 19 ਦੇ ਖਾਤਮੇ ਲਈ ਅਰਦਾਸ ਕਰਕੇ ਮਨਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਾਲ ਵਿਸਾਖੀ ਮਨਾਉਣ ਲਈ ਇਕੱਠੇ ਨਾ ਹੋਣ ਜਾਂ ਬਾਹਰ ਨਹੀਂ ਨਿਕਲਣ।

ਇਸ ਆਸ ਉੱਤੇ ਵਿਸ਼ਵਾਸ ਜਤਾਉਂਦੇ ਹੋਏ ਕਿ ਪੰਜਾਬ ਇਸ ਮਹਾਮਾਰੀ ਉੱਤੇ ਜਿੱਤ ਪ੍ਰਾਪਤ ਕਰੇਗਾ, ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੜਾਈ ਦੇ ਖਿਲਾਫ ਆਪਣਾ ਫ਼ਰਜ਼ ਨਿਭਾਉਣ, ਜਿਸ ਤਰ੍ਹਾਂ ਲੱਖਾਂ ਕਰਮਚਾਰੀ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਅੱਗੇ ਹੋਕੇ ਡਟੇ ਹੋਏ ਹਨ।

ਉਨ੍ਹਾਂ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਹੋਰ ਸਿਹਤ, ਸਫਾਈ ਕਰਮਚਾਰੀਆਂ, ਪੁਲਿਸ, ਧਾਰਮਿਕ ਸੰਸਥਾਵਾਂ, ਐਨਜੀਓ ਸਣੇ ਇਸ ਸੰਕਟ ਵਿੱਚ ਸੰਘਰਸ਼ ਕਰ ਰਹੇ ਹਰ ਇੱਕ ਵਿਅਕਤੀ ਦਾ ਧੰਨਵਾਦ ਕੀਤਾ ਜੋ ਆਪਣੀ ਜਾਨ ਮੁਸ਼ਕਲਾਂ ਵਿੱਚ ਪਾ ਕੇ ਫਰੰਟ ਲਾਇਨ ‘ਤੇ ਕੰਮ ਕਰ ਰਹੇ ਹਨ।

ਕੈਪਟਨ ਨੇ ਵਿਸਾਖੀ ਦੀ ਵਧਾਈਆਂ ਦਿੰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੁੱਖਮੰਤਰੀ ਨੇ ਕਿਹਾ ਕਿ ਆਓ ਅਸੀ ਸਾਰੇ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਅਸੀ ਸਾਡੇ ਪੰਜਾਬ ਨੂੰ ਚੜਦੀ ਕਲਾਂ ਵਿੱਚ ਰੱਖੀਏ ਅਤੇ ਸਾਡੇ ਲੋਕ ਸੁਰੱਖਿਅਤ ਅਤੇ ਹਮੇਸ਼ਾ ਖੁਸ਼ ਰਹਿਣ।

Share This Article
Leave a Comment