ਫਾਜ਼ਿਲਕਾ: ਫਾਜ਼ਿਲਕਾ ਦੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਿਚ ਪੂਰੇ ਪੰਜਾਬ ਵਿਚੋਂ ਝੰਡੀ ਕਰ ਦਿੱਤੀ ਹੈ। ਜਿ਼ਲ੍ਹੇ ਵਿਚ ਨਿਰਧਾਰਤ ਟੀਚੇ ਤੋਂ ਵੀ ਵਧੇਰੇ ਸਿੱਧੀ ਬਿਜਾਈ ਕਰਕੇ ਕਿਸਾਨਾਂ ਨੇ ਪੋਣ ਪਾਣੀ ਦੀ ਰਾਖੀ ਪ੍ਰਤੀ ਆਪਣੀ ਵੱਡੀ ਜਿੰਮੇਵਾਰੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਪਾਣੀ ਦੀ ਜਰੂਰਤ ਵਾਲੀ ਸਿੱਧੀ ਬਿਜਾਈ ਦੀ ਵਿਧੀ ਤਹਿਤ ਵੱਧ ਤੋਂ ਵੱਧ ਬਿਜਾਈ ਕਰਕੇ ਸਾਡੇ ਕੁਦਰਤੀ ਸ਼੍ਰੋਤ ਪਾਣੀ ਦੀ ਵੀ ਬਚਤ ਕਰਨ ਅਤੇ ਆਪਣੇ ਖੇਤੀ ਲਾਗਤ ਖਰਚੇ ਘੱਟ ਕਰਨ ਦੇ ਨਾਲ ਨਾਲ ਸਰਕਾਰ ਤੋਂ ਵੀ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਪ੍ਰਾਪਤ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨੂੰ ਖੇਤੀਬਾੜੀ ਵਿਭਾਗ ਨੇ ਸਿੱਧੀ ਬਿਜਾਈ ਲਈ 32710 ਹੈਕਟੇਅਰ ਦਾ ਟੀਚਾ ਦਿੱਤਾ ਸੀ ਪਰ ਬੀਤੀ ਸ਼ਾਮ ਤੱਕ 39887 ਹੈਕਟੇਅਰ ਵਿਚ ਬਿਜਾਈ ਕੀਤੀ ਜਾ ਚੁੱਕੀ ਹੈ। ਇਸ ਵਿਚ 24289 ਹੈਕਟੇਅਰ ਰਕਬੇ ਨੂੰ ਕਿਸਾਨਾਂ ਨੇ ਸਬਸਿਡੀ ਲੈਣ ਲਈ ਆਨਲਾਈਨ ਵੀ ਕਰ ਦਿੱਤਾ ਹੈ।ਉਨ੍ਹਾਂ ਨੇ ਸਿੱਧੀ ਬਿਜਾਈ ਤਕਨੀਕ ਅਪਨਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸਾਨ 25 ਜ਼ੂਨ ਤੱਕ ਸਰਕਾਰ ਦੇ ਪੋਰਟਲ ਤੇ ਆਨਲਾਈਨ ਅਪਲਾਈ ਜਰੂਰ ਕਰਨ ਤਾਂ ਜ਼ੋ ਉਨ੍ਹਾਂ ਨੂੰ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਬਸਿਡੀ ਦੇ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਜੰਗੀਰ ਸਿੰਘ ਗਿੱਲ ਨੇ ਦੱਸਿਆ ਕਿ ਕਾਸ਼ਤਕਾਰ ਕਿਸਾਨ ਸਬਸਿਡੀ ਲਈ 25 ਜ਼ੂਨ ਤੱਕ ਰਜਿਸਟੇ੍ਰੇਸ਼ਨ ਕਰਵਾ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2023 ਤੱਕ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕੀਤੀ ਜਾਵੇਗੀ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਲਿੰਕ ਖੋਲ੍ਹ ਕੇ ਆਪਣਾ ਆਧਾਰ ਨੰਬਰ ਭਰਨਗੇ। ਕਾਸ਼ਤਕਾਰ ਕਿਸਾਨ ਦੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ/ਈ ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ। ਉਸ ਉਪਰੰਤ ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਜਿਵੇਂ ਕਿ ਜਮੀਨ ਦਾ ਜ਼ਿਲ੍ਹਾ/ਤਹਿਸੀਲ—ਸਬ ਤਹਿਸੀਲ/ਪਿੰਡ/ਖੇਵਟ ਤੇ ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ/ਮਰਲਾ ਜਾਂ ਬਿਗਾ) ਦਿੱਤਾ ਜਾਣਾ ਹੈ।