ਅਹਿਮਦਾਬਾਦ : ਦੇਸ਼ ‘ਚ ਕਰਨਾਟਕ ਤੋਂ ਬਾਅਦ ਹੁਣ ਗੁਜਰਾਤ ‘ਚ ਵੀ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਗੁਜਰਾਤ ਦੇ ਜਾਮਨਗਰ ਸ਼ਹਿਰ ਤੋਂ ਸਾਹਮਣੇ ਆਇਆ ਹੈ। ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਵਿਅਕਤੀ ਹਾਲ ਹੀ ਵਿੱਚ ਜ਼ਿੰਬਾਬਵੇ ਤੋਂ ਜਾਮਨਗਰ ਵਾਪਸ ਆਇਆ ਸੀ।
ਜ਼ਿੰਬਾਬਵੇ ਤੋਂ ਜਾਮਨਗਰ ਸ਼ਹਿਰ ’ਚ ਆਇਆ 72 ਸਾਲਾ ਵਿਅਕਤੀ ਓਮੀਕਰੋਨ ਰੂਪ ਦੇ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਏਅਰਪੋਰਟ ‘ਤੇ ਕੋਰੋਨਾ ਟੈਸਟ ਦੌਰਾਨ ਉਸ ਦਾ ਸੈਂਪਲ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜੀਨੋਮ ਸੀਕਵੈਂਸਿੰਗ ਕੀਤੀ ਗਈ, ਜਿਸ ਵਿਚ ਉਹ ਨਵੇਂ ਵੇਰੀਐਂਟ ਨਾਲ ਸੰਕਰਮਿਤ ਪਾਇਆ ਗਿਆ। ਗੁਜਰਾਤ ਦੇ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਵਿਅਕਤੀ ‘ਓਮੀਕਰੋਨ’ ਰੂਪ ਨਾਲ ਪੀੜਤ ਪਾਇਆ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਨੁਸਾਰ ਪੀੜਤ ਵਿਅਕਤੀ ਜਿੱਥੇ ਰਹਿ ਰਿਹਾ ਹੈ, ਉਸ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਖੇਤਰ ਵਿੱਚ ਲੋਕਾਂ ਦੀ ਟਰੇਸਿੰਗ ਅਤੇ ਟੈਸਟਿੰਗ ਕੀਤੀ ਜਾਵੇਗੀ ।
ਭਾਰਤ ’ਚ ਓਮੀਕਰੋਨ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ 2 ਵਿਅਕਤੀਆਂ ਦੇ ਕਰਨਾਟਕ ’ਚ ਇਸ ਤਰ੍ਹਾਂ ਦੇ ਟੈਸਟ ਦੌਰਾਨ ਪਾਜ਼ੇਟਿਵ ਆਏ ਸਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵਲੋਂ ਓਮੀਕਰੋਨ ਰੂਪ ਨੂੰ ‘ਚਿੰਤਾ ਦੇ ਰੂਪ’ ’ਚ ਚਿੰਨ੍ਹਿਤ ਕੀਤਾ ਗਿਆ ਹੈ।