ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਮੇਅਰ ਦੀ ਚੋਣ ਵਿੱਚ ਹੋਈ ਧਾਂਦਲੀ ਦਾ ਸੋਮਵਾਰ ਨੂੰ ਇੱਕ ਵਾਰ ਫਿਰ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਭੁੱਖ ਹੜਤਾਲ ਅਤੇ ਧਰਨਾ ਜਾਰੀ ਰੱਖਣਗੇ।
ਚੰਡੀਗੜ੍ਹ ਪੁਲਿਸ ਨੇ ਇੱਕ ਵਾਰ ਫਿਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ‘ਆਪ’ ਵਰਕਰਾਂ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਅਤੇ ਪ੍ਰਦਰਸ਼ਨ ਨੂੰ ਖਤਮ ਕਰਨ ਲਈ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਉਹ ਸਾਨੂੰ ਸਾਡੇ ਲੋਕਤੰਤਰ ਅਤੇ ਸੰਵਿਧਾਨ ਲਈ ਲੜਨ ਤੋਂ ਨਹੀਂ ਡਰਾ ਸਕਦੇ ਅਤੇ ਨਾ ਹੀ ਰੋਕ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਸਿਰਫ 5 ਵਿਅਕਤੀ (ਚਾਰ ਵਲੰਟੀਅਰ ਅਤੇ ਇੱਕ ਕੌਂਸਲਰ) ਜੋ ਕਿ ਭੁੱਖ ਹੜਤਾਲ ਕਰ ਰਹੇ ਹਨ, ਉਹ ਸੈਕਟਰ 17 ਸਥਿਤ ਨਗਰ ਨਿਗਮ ਭਵਨ ਦੇ ਸਾਹਮਣੇ ਬੈਠਣਗੇ ਅਤੇ ਠੰਡ ਦੇ ਮੌਸਮ ਕਾਰਨ ਅਸੀਂ ਟੈਂਟ ਅਤੇ ਮੈਟ ਲਗਾਏ ਹਨ। ਪਰ ਪੁਲਿਸ ਪੰਜ ਲੋਕਾਂ ਨੂੰ ਵੀ ਬੈਠਣ ਨਹੀਂ ਦੇ ਰਹੀ। ਉਨ੍ਹਾਂ ਨੇ ਕਈ ਲੋਕਾਂ (ਪੁਲਿਸ)ਨੂੰ ਸਾਨੂੰ ਵਿਰੋਧ ਕਰਨ ਤੋਂ ਰੋਕਣ ਲਈ ਭੇਜਿਆ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਜਿੱਤਾਂਗੇ।
ਅਸੀਂ ਇੱਕ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹਾਂ ਇਸਲਈ ਉਹ ਜਾਣਦੇ ਹਨ ਕਿ ਉਹ ਸਾਨੂੰ ਉਦੋਂ ਤੱਕ ਰੋਕ ਨਹੀਂ ਸਕਦੇ ਜਦੋਂ ਤੱਕ ਅਸੀਂ ਆਪਣਾ ਟੀਚਾ ਪ੍ਰਾਪਤ ਨਹੀਂ ਕਰਦੇ, ਜੋ ਕਿ ਭਾਜਪਾ ਦੇ ਧੋਖੇਬਾਜ਼ ਮੇਅਰ ਨੂੰ ਹਟਾਉਣਾ ਅਤੇ ਨਿਰਪੱਖ ਮੁੜ ਚੋਣ ਕਰਵਾਉਣਾ ਹੈ। ਡਾ ਆਹਲੂਵਾਲੀਆ ਨੇ ਕਿਹਾ ਕਿ ਸੰਘਰਸ਼ ਭਾਵੇਂ ਕੋਈ ਵੀ ਹੋਵੇ, ਭੁੱਖ ਹੜਤਾਲ ਤੇ ਧਰਨਾ ਜਾਰੀ ਰਹੇਗਾ।