ਬਠਿੰਡਾ: ਬਠਿੰਡਾ ਵਿਖੇ ਵੀਰਵਾਰ ਨੂੰ ਥਰਮਲ ਪਾਵਰ ਸਟੇਸ਼ਨ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਅਨੌਖਾ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰਮਚਾਰੀ ਬੋਤੇ ‘ਤੇ ਚੜ੍ਹਕੇ ਸਰਕਾਰ ਖਿਲਾਫ ਨਾਅਰੇ ਲਗਾਉਂਦੇ ਨਜ਼ਰ ਆਏ ਤੇ ਬਾਅਦ ਵਿੱਚ ਇਨ੍ਹਾਂ ਨੇ ਸਰਕਾਰ ਦੇ ਉਨ੍ਹਾਂ ਝੂਠੇ ਵਾਅਦਿਆਂ ਦੀ ਪੰਡ ਨੂੰ ਸਾੜਿਆ ਜੋ ਸਰਕਾਰ ਨੇ ਜੋ ਚੋਣਾਂ ਵੇਲੇ ਕੀਤੇ ਸਨ।
ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਥਰਮਲ ਪਾਵਰ ਸਟੇਸ਼ਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਲਗਾਤਾਰ ਗੁਮਰਾਹ ਕਰ ਰਹੀ ਹੈ। ਸਾਲ 2017 ਵਿੱਚ ਸੂਬੇ ਦੀਆਂ ਵਿਧਾਨਸਭਾ ਚੋਣਾ ਦੌਰਾਨ ਕੀਤੇ ਗਏ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ ਹਨ। ਇਸ ਕਾਰਨ ਹਰ ਜਥੇਬੰਦੀ ਵਲੋਂ ਲਗਾਤਾਰ ਪੰਜਾਬ ‘ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮੋਨਟੇਕ ਆਹਲੂਵਾਲੀਆ ਦੀ ਰਿਪੋਰਟ ਮੁਲਾਜ਼ਮ ਜੱਥੇਬੰਦੀਆਂ ਦੇ ਵਿਰੁੱਧ ਹੈ। ਪੇ ਸਕੇਲ, ਡੀਏ ਦੀਆਂ ਕਿਸ਼ਤਾਂ ਜਾਰੀ ਨਾਂ ਕਰਨ ਅਤੇ ਮੁਲਾਜ਼ਮਾਂ ਦੀ ਤਨਖਾਹ ਰਾਸ਼ੀਆਂ ‘ਚ ਕਟੌਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਅੱਜ ਸਾਥੀਆਂ ਵਲੋਂ ਬੋਤੇ ‘ਤੇ ਬੈਠਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਪੂਰਾ ਨਹੀਂ ਕਰੇਗੀ, ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।