ਅਮਰੀਕਾ ਤੋਂ ਪਰਵਾਸੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ‘ਤੇ ਲੋਕ ਸਭਾ-ਰਾਜ ਸਭਾ ‘ਚ ਹੋਇਆ ਭਾਰੀ ਹੰਗਾਮਾ

Global Team
3 Min Read

ਨਵੀਂ ਦਿੱਲੀ: ਸੰਸਦ, ਰਾਜ ਸਭਾ ਅਤੇ ਲੋਕ ਸਭਾ ਦੇ ਦੋਹਾਂ ਸਦਨਾਂ ‘ਚ ਵੀਰਵਾਰ ਨੂੰ ਭਾਰੀ ਹੰਗਾਮਾ ਹੋਇਆ। ਅਮਰੀਕਾ ਤੋਂ ਪਰਵਾਸੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਅਤੇ ਪ੍ਰਯਾਗਰਾਜ ਮਹਾਕੁੰਭ ਕਾਂਡ ‘ਚ ਲੋਕਾਂ ਦੀ ਮੌਤ ਸਮੇਤ ਕਈ ਮੁੱਦਿਆਂ ‘ਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਇਸ ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਨਾਅਰੇਬਾਜ਼ੀ ਬੰਦ ਕਰਨ ਅਤੇ ਸਦਨ ਨੂੰ ਚੱਲਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਵਿਉਂਤਬੱਧ ਤਰੀਕੇ ਨਾਲ ਸਦਨ ਵਿਚ ਵਿਘਨ ਪੈਦਾ ਕਰਨਾ ਸੰਸਦੀ ਪਰੰਪਰਾਵਾਂ ਦੇ ਮੁਤਾਬਿਕ ਨਹੀਂ ਹੈ।’

ਸਵੇਰੇ ਜਿਉਂ ਹੀ ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਤਰਫੋਂ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਫਿਰ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ਼ ‘ਤੇ ਰੱਖ ਦਿੱਤੇ। ਕੁਝ ਦੇਰ ਬਾਅਦ ਕੁਰਸੀ ‘ਤੇ ਆਏ ਡਿਪਟੀ ਚੇਅਰਮੈਨ ਹਰੀਵੰਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਪਰਵਾਸੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ, ਮਹਾਕੁੰਭ ‘ਚ ਕਥਿਤ ਮਾੜੇ ਪ੍ਰਬੰਧਾਂ ਸਮੇਤ ਹੋਰ ਮੁੱਦਿਆਂ ‘ਤੇ ਕੁੱਲ 13 ਨੋਟਿਸ ਮਿਲੇ ਹਨ। ਉਨ੍ਹਾਂ ਨੇ ਸਾਰੇ ਨੋਟਿਸਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ, ਖੱਬੀਆਂ ਪਾਰਟੀਆਂ ਆਦਿ ਦੇ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ।

ਡਿਪਟੀ ਚੇਅਰਮੈਨ ਨੇ ਹੰਗਾਮਾ ਕਰ ਰਹੇ  ਮੈਂਬਰਾਂ ਨੂੰ ਆਪੋ-ਆਪਣੇ ਸਥਾਨਾਂ ‘ਤੇ ਬੈਠਣ ਅਤੇ ਸਿਫ਼ਰ ਕਾਲ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ ਦੀ ਬੇਨਤੀ ਕੀਤੀ। ਹੰਗਾਮਾ ਜਾਰੀ ਦੇਖ ਕੇ ਉਨ੍ਹਾਂ 11:05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੇ ਲੋਕ ਸਭਾ ‘ਚ ਵੀ ਹੰਗਾਮਾ ਕੀਤਾ। ਜ਼ੋਰਦਾਰ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਵਿਰੋਧੀ ਮੈਂਬਰਾਂ ਨੇ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ 12 ਵਜੇ ਵਿਰੋਧੀ ਮੈਂਬਰਾਂ ਦੇ ਮੁਲਤਵੀ ਨੋਟਿਸ ‘ਤੇ ਵਿਚਾਰ ਕਰਨਗੇ। ਕਈ ਵਿਰੋਧੀ ਮੈਂਬਰਾਂ ਨੇ ਇਸ ਵਿਸ਼ੇ ‘ਤੇ ਚਰਚਾ ਦੀ ਮੰਗ ਕਰਦੇ ਹੋਏ ਮੁਲਤਵੀ ਨੋਟਿਸ ਦਿੱਤੇ ਸਨ। ਵਿਰੋਧੀ ਮੈਂਬਰਾਂ ਦੇ ਹੰਗਾਮੇ ਦਰਮਿਆਨ ਬਿਰਲਾ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ। ਨਾਅਰੇਬਾਜ਼ੀ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਸਬੰਧਤ ਕੁਝ ਪੂਰਕ ਸਵਾਲ ਪੁੱਛੇ ਗਏ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਾਅਰੇਬਾਜ਼ੀ ਬੰਦ ਕਰਨ ਅਤੇ ਸਦਨ ਨੂੰ ਚੱਲਣ ਦੇਣ।

ਉਨ੍ਹਾਂ ਕਿਹਾ, ‘ਵਿਉਂਤਬੱਧ ਤਰੀਕੇ ਨਾਲ ਸਦਨ ਵਿਚ ਵਿਘਨ ਪੈਦਾ ਕਰਨਾ ਸੰਸਦੀ ਪਰੰਪਰਾਵਾਂ ਦੇ ਮੁਤਾਬਕ ਨਹੀਂ ਹੈ।’ ਬਿਰਲਾ ਨੇ ਇਹ ਵੀ ਕਿਹਾ, ‘ਸਰਕਾਰ ਨੇ ਤੁਹਾਡੇ ਸਾਰੇ ਮੁੱਦਿਆਂ ਨੂੰ ਧਿਆਨ ਵਿਚ ਲਿਆ ਹੈ। ਇਹ ਵਿਦੇਸ਼ ਨੀਤੀ ਦਾ ਮਾਮਲਾ ਹੈ। ਉਨ੍ਹਾਂ ਦੀਆਂ ਆਪਣੀਆਂ ਨੀਤੀਆਂ ਹਨ। ਸਰਕਾਰ ਇਸ ਪ੍ਰਤੀ ਗੰਭੀਰ ਹੈ। ਤੁਹਾਨੂੰ ਸਦਨ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ। ਤੁਸੀਂ ਲੋਕ ਹਰ ਰੋਜ਼ ਪ੍ਰਸ਼ਨ ਕਾਲ ਵਿੱਚ ਡੈੱਡਲਾਕ ਬਣਾ ਕੇ ਭਾਰਤੀ ਵੋਟਰਾਂ ਦਾ ਅਪਮਾਨ ਕਰ ਰਹੇ ਹੋ।

Share This Article
Leave a Comment