ਨਿਊਜ਼ ਡੈਸਕ : ਪੂਰੀ ਦੁਨੀਆ ਇਸ ਸਮੇਂ ਜਾਨਲੇਵਾ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਇਸ ਮਹਾਮਾਰੀ ਨਾਲ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਕੋਰੋਨਾ ਵਿਰੁੱਧ ਲੜਾਈ ਲਈ ਅਮਰੀਕਾ ਅਤੇ ਜਾਪਾਨ ਦੋਵੇਂ ਦੇਸ਼ ਮਿਲੇ ਕੇ ਕੰਮ ਕਰਨਗੇ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਲਈ ਆਪਸੀ ਸਹਿਮਤੀ ਜਤਾਈ ਹੈ। ਇਸ ਦੇ ਨਾਲ ਦੋਵੇਂ ਦੇਸ਼ ਇਕ-ਦੂਜੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਤੇ ਗਤੀ ਪ੍ਰਦਾਨ ਕਰਨ ਲਈ ਸਹਿਮਤ ਹੋਏ ਹਨ।
ਡੋਨਾਲਡ ਟਰੰਪ ਅਤੇ ਸ਼ਿੰਜੋ ਆਬੇ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਨੇ ਵਪਾਰਕ ਗਤੀਵਿਧੀਆਂ ਸ਼ੁਰੂ ਕਰਨ ਲਈ ਫੈਸਲਾ ਲਿਆ ਹੈ। ਜਪਾਨ ਦੇ ਕੈਬਨਿਟ ਸਕੱਤਰ ਯੋਸ਼ੀਦੇ ਸ਼ੁੱਗਾ ਨੇ ਕਿਹਾ ਕਿ ਦੋਵੇਂ ਦੇਸ਼ ਕੋਰੋਨਾ ਮਹਾਮਾਰੀ ਦੀ ਵੈਕਸੀਨ ਬਣਾਉਣ ਲਈ ਇਕੱਠੇ ਹੋਏ ਹਨ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ‘ਤੇ ਵੀ ਗੱਲ ਚੱਲ ਰਹੀ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਜਾਪਾਨ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਅਮਰੀਕੀ ਕੰਪਨੀ ਜੀਲੀਡ ਸਾਇੰਸਜ਼ ਕੀ ਐਂਟੀਵਾਇਰਲ ਡਰੱਗ ਰੈਮੇਡਿਸਿਵਰ ਨੂੰ ਸੰਕਰਮਿਤ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ। ਜੇਕਰ ਦੋਵੇਂ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ‘ਚ ਕੋਰੋਨਾ ਦੇ ਹੁਣ ਤੱਕ 13 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 78 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਜਦ ਕਿ ਜਪਾਨ ਵਿਚ ਕਰੋਨਾ ਦੇ ਲਗਭਗ 15,800 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 580 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ।