ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਕਿਹਾ ਹੈ ਕਿ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ 3 ਰੂਟਾਂ ’ਤੇ ਹੋਵੇਗੀ। ਇਸ ਦਾ ਰੂਟ ਪਲਾਨ ਤੈਅ ਕਰਕੇ ਕਿਸਾਨਾਂ ਨਾਲ ਸਾਂਝਾ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਤਿੰਨ ਰੂਟਾਂ ’ਚ ਟਿਕਰੀ ਬਾਰਡਰ ’ਤੇ 63 ਕਿਲੋਮੀਟਰ ਦੇ ਰੂਟ ‘ਤੇ ਪਰੇਡ ਹੋਵੇਗੀ, ਜਦ ਕਿ ਸਿੰਘੂ ਬਾਰਡਰ ਤੋਂ ਇਹ 62 ਕਿਲੋਮੀਟਰ ਤੇ ਗਾਜ਼ੀਪੁਰ ਬਾਰਡਰ ਤੋਂ ਇਹ 46 ਕਿਲੋਮੀਟਰ ਤੱਕ ਟਰੈਕਟਰ ਪਰੇਡ ਹੋਵੇਗੀ। ਦਿੱਲੀ ਪੁਲਿਸ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ’ਚ ਇਹ ਵੀ ਕਿਹਾ ਕਿ ਉਨ੍ਹਾਂ ਕੋਲ 308 ਅਜਿਹੇ ਟਵਿੱਟਰ ਹੈਂਡਲ ਦੀ ਜਾਣਕਾਰੀ ਹੈ ਜੋ ਉਪਾਕਿਸਟਾਂ ਤੋਂ ਚਲਾਏ ਜਾ ਰਹੇ ਹਨ। ਪੁਲਿਸ ਨੇ ਇਨ੍ਹਾਂ ਅਕਾਊਂਟਾਂ ਦੀ ਲਿਸਟ ਵੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਟਰੈਕਟਰ ਮਾਰਚ ਦੇ ਮੁੱਦੇ ‘ਤੇ ਕਿਸਾਨ ਜਥੇਬੰਦੀਆਂ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਵਿਚਾਲੇ ਹੋਏ ਸਮਝੌਤੇ ਦੇ ਅਨੁਸਾਰ 37 ਪੁਆਇੰਟਾਂ ‘ਤੇ ਸਹਿਮਤੀ ਬਣੀ ਹੈ।
ਦੱਸ ਦਈਏ ਤੈਅ NOC ਅਨੁਸਾਰ, ਜੇ ਕਿਸੇ ਮੁੱਦੇ / ਬਿੰਦੂ ਦੀ ਅਣਦੇਖੀ ਕੀਤੀ ਜਾਂਦੀ ਹੈ, ਤਾਂ ਨਿਰਧਾਰਤ ਐਨਓਸੀ ਰੱਦ ਮੰਨੀ ਜਾਵੇਗੀ। ਤਿੰਨਾਂ ਐਂਟਰੀ ਪੁਆਂਇੰਟਾਂ ਤੋਂ ਸਿਰਫ 5-5 ਹਜ਼ਾਰ ਟਰੈਕਟਰਾਂ ਤੇ ਪੰਜ ਹਜ਼ਾਰ ਲੋਕਾਂ ਨੂੰ ਹੀ ਦਿੱਲੀ ਪੁਲਿਸ ਨੇ ਇਜਾਜ਼ਤ ਦਿੱਤੀ ਹੈ। ਮਤਲਬ, ਕੁੱਲ 15000 ਟਰੈਕਟਰ ਦਾਖਲ਼ ਹੋ ਸਕਣਗੇ। ਐਨਓਸੀ ਦੇ ਅਨੁਸਾਰ, ਟੈਕਟਰ ਮਾਰਚ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਹੀ ਆਗਿਆ ਦਿੱਤੀ ਗਈ ਹੈ।
ਰੂਟ ‘ਤੇ 2.5 ਹਜ਼ਾਰ ਵਾਲੰਟੀਅਰ ਲਗਾਉਣੇ ਪੈਣਗੇ।
ਐਂਬੂਲੈਂਸ ਜਾਂ ਐਮਰਜੈਂਸੀ ਵਾਹਨ ਲਈ ਇਕ ਲੇਨ ਛੱਡਣੀ ਪਵੇਗੀ।
ਕਿਸੇ ਵਾਹਨ ‘ਚ ਕੋਈ ਇਤਰਾਜ਼ਯੋਗ ਪੋਸਟਰ ਜਾਂ ਬੈਨਰ ਨਹੀਂ ਲਗਾਏ ਜਾਣਗੇ।
ਰੈਲੀ ‘ਚ ਕੋਈ ਵੀ ਨਸ਼ੀਲੇ ਪਦਾਰਥ / ਸ਼ਰਾਬ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਕੋਈ ਵੀ ਆਦਮੀ ਵਾਹਨ ਨਾਲ ਸਟੰਟ ਨਹੀਂ ਕਰੇਗਾ।
ਰੈਲੀ ‘ਚ ਕੋਈ ਵੀ ਵਿਸਫੋਟਕ ਸਮੇਤ ਹਥਿਆਰ ਨਹੀਂ ਲਿਆਏਗਾ।