ਮੁਹੱਬਤ ਦੀ ਕੈਮਿਸਟਰੀ

TeamGlobalPunjab
11 Min Read

-ਡਾ.ਹਰਸ਼ਿੰਦਰ ਕੌਰ

ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈੱਸਰ ਪਿਆਰ ਉੱਤੇ ਕੋਈ ਖੋਜ ਨਹੀਂ ਸਨ ਕਰ ਰਹੇ। ਉਹ ਤਾਂ ਨੌਜਵਾਨ ਬੱਚਿਆਂ ਦੇ ਦਿਮਾਗ਼ ਦੀ ਹਿਲਜੁਲ ਰਿਕਾਰਡ ਕਰਨਾ ਚਾਹ ਰਹੇ ਸਨ। ਇਸੇ ਲਈ ਉਨ੍ਹਾਂ ਨੇ 2500 ਫਾਰਮ ਭਰਵਾ ਕੇ ਕਾਲਜ ਦੇ ਵਿਦਿਆਰਥੀਆਂ ਦੀ ਸਕੈਨਿੰਗ ਕੀਤੀ। ਪਰ ਨੁਕਤਾ ਕੁੱਝ ਵੱਖ ਹੀ ਲੱਭ ਪਿਆ। ਕਾਫ਼ੀ ਸਾਰੇ ਬੱਚਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਤਰੰਗਾਂ ਵੱਧ ਚੁਸਤ ਲੱਭੀਆਂ ਜਿਸ ਵਿੱਚੋਂ ਡੋਪਾਮੀਨ ਨਿਕਲਦੀ ਹੈ। ਡੋਪਾਮੀਨ ਚੰਗਾ ਮਹਿਸੂਸ ਕਰਵਾਉਣ ਵਾਲਾ ਨਿਊਰੋਟਰਾਂਸਮਿਟਰ ਹੈ।

ਇਨ੍ਹਾਂ ਬੱਚਿਆਂ ਦੇ ਦਿਮਾਗ਼ ਦੇ ਜਿਹੜੇ ਹਿੱਸੇ ਲੋੜੋਂ ਵੱਧ ਹਰਕਤ ਕਰਦੇ ਦਿਸੇ, ਉਹ ਸਨ ”ਕੌਡੇਟ ਨਿਊਕਲੀਅਸ” ਤੇ ”ਵੈਂਟਰਲ ਟੈਗਮੈਂਟਲ ਏਰੀਆ”। ਕੌਡੇਟ ਨਿਊਕਲੀਅਸ ਵਿਚਲੀ ਹਿਲਜੁਲ ਚੜ੍ਹਦੀ ਕਲਾ ਦਾ ਇਹਸਾਸ ਦਵਾਉਂਦੀ ਹੈ ਤੇ ਠਰੰਮਾ ਬਖ਼ਸ਼ਦੀ ਹੈ ਜਦਕਿ ਵੈਂਟਰਲ ਟੈਗਮੈਂਟਲ ਏਰੀਆ ਧਿਆਨ ਲਾਉਣ ਵਿਚ ਮਦਦ ਕਰਦਾ ਹੈ ਤੇ ਕੁੱਝ ਹਾਸਲ ਕਰਨ ਦੀ ਇੱਛਾ ਨੂੰ ਪ੍ਰਬਲ ਕਰਕੇ ਸਰੀਰ ਤੇ ਦਿਮਾਗ਼ ਨੂੰ ਪੂਰਾ ਚੁਸਤ ਰੱਖ ਕੇ ਆਨੰਦਿਤ ਮਹਿਸੂਸ ਕਰਵਾਉਂਦਾ ਹੈ।

ਯਾਨੀ ਇਨ੍ਹਾਂ ਦਿਮਾਗ਼ ਵਿਚਲੇ ਹਿੱਸਿਆਂ ਦੇ ਚੁਸਤ ਹੋਣ ਦਾ ਮਤਲਬ ਹੈ ਕਿ ਸਰੀਰਕ ਚੁਸਤੀ ਵੀ ਵੱਧ, ਗੁੱਸਾ ਕਾਬੂ ਕਰ ਕੇ ਦੂਜਿਆਂ ਦੀ ਮਦਦ ਕਰਨ ਦੀ ਇੱਛਾ ਵੀ ਪ੍ਰਬਲ ਤੇ ਆਪ ਨਿੱਠ ਕੇ ਕੰਮ ਕਰ ਕੇ ਅਣਕਿਆਸੀਆਂ ਉਚਾਈਆਂ ਹਾਸਲ ਕਰਨ ਦੀ ਤਾਕਤ ਵੀ ਬੇਮਿਸਾਲ!
ਇਨ੍ਹਾਂ ਬੱਚਿਆਂ ਤੇ ਬਾਕੀ ਬੱਚਿਆਂ ਵਿਚਲੇ ਫਾਰਮਾਂ ਨੂੰ ਚੰਗੀ ਤਰ੍ਹਾਂ ਘੋਖਿਆ ਗਿਆ ਕਿ ਕਿਹੜੀ ਚੀਜ਼ ਇਨ੍ਹਾਂ ਬੱਚਿਆਂ ਨੂੰ ਬਾਕੀਆਂ ਨਾਲੋਂ ਵੱਖ ਤੇ ਵਾਧੂ ਚੜ੍ਹਦੀਕਲਾ ਦਾ ਇਹਸਾਸ ਦੁਆ ਰਹੀ ਹੈ? ਪੈਸਾ, ਰੁਤਬਾ, ਮਾਪਿਆਂ ਦਾ ਆਪਸੀ ਰਿਸ਼ਤਾ, ਇਨ੍ਹਾਂ ਸਾਰਿਆਂ ਦਾ ਅਸਰ ਸਭ ‘ਤੇ ਇੱਕੋ ਜਿਹਾ ਲੱਭਿਆ। ਫੇਰ ਧਿਆਨ ਗਿਆ ਇਕ ਖਾਨੇ ਵਿਚ ਜਿੱਥੇ ਸਭ ਤੋਂ ਪਿਆਰੀ ਸ਼ੈਅ ਭਰਨ ਲਈ ਕਿਹਾ ਗਿਆ ਸੀ। ਇਨ੍ਹਾਂ ਸਾਰੇ ਬੱਚਿਆਂ ਨੇ ਇਸ ਖਾਨੇ ਵਿਚ ਆਪਣੇ ਪਿਆਰੇ ਸਾਥੀ, ਕੁੜੀ ਜਾਂ ਮੁੰਡੇ ਦਾ ਜ਼ਿਕਰ ਕੀਤਾ ਹੋਇਆ ਸੀ ਜਿਸ ਨਾਲ ਉਹ ਮੁਹੱਬਤ ਕਰਦੇ ਸਨ। ਇਨ੍ਹਾਂ ਵਿੱਚੋਂ 7, 8 ਜਣੇ ਪਾਲਤੂ ਕੁੱਤੇ ਜਾਂ ਬਿੱਲੀ ਨਾਲ ਬਹੁਤ ਲਗਾਓ ਪਾਲ ਕੇ ਬੈਠੇ ਸਨ।

- Advertisement -

ਇਸ ਨੁਕਤੇ ਤੋਂ ਇਹ ਫ਼ੈਸਲਾ ਲਿਆ ਗਿਆ ਕਿ ਮੁਹੱਬਤ ਦਾ ਦਿਮਾਗ਼ ਉੱਤੇ ਕਾਫੀ ਚੰਗਾ ਅਸਰ ਪੈਂਦਾ ਹੈ। ਇਸ ਖੋਜ ਨੂੰ ਹੋਰ ਪੱਕਾ ਕਰਨ ਲਈ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਪਿਆਰੇ ਸਾਥੀ ਦੀ ਤਸਵੀਰ ਵਿਖਾਈ ਗਈ ਤੇ ਉਸੇ ਵੇਲੇ ਨਾਲੋ ਨਾਲ ਬਰੇਨ ਮੈਪਿੰਗ ਕੀਤੀ ਗਈ। ਸਾਰਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਚੁਸਤੀ ਦਿਸੀ ਜਿੱਥੋਂ ਡੋਪਾਮੀਨ ਨਿਕਲਦੀ ਸੀ।

ਬੌਸਟਨ ਦੇ ਮੈਸਾਚੂਟਿਸ ਵਿਚ 166 ਵਿੱਚੋਂ 147 ਮਰੀਜ਼ਾਂ ਦੇ ਆਪਣੇ ਪਿਆਰੇ ਦੀ ਤਸਵੀਰ ਕੋਲ ਰੱਖਣ, ਸਾਹਮਣੇ ਟੰਗਣ ਜਾਂ ਫ਼ੋਨ ਉੱਤੇ ਗੱਲ ਕਰਵਾਉਣ ਨਾਲ ਚਿਹਰੇ ਉੱਤੇ ਰੌਣਕ ਵੱਖ ਦਿਸੀ। ਕਈਆਂ ਦੇ ਚਿਹਰੇ ‘ਤੇ ਏਨੀ ਚੌੜੀ ਮੁਸਕਾਨ ਦਿਸੀ ਕਿ ਚੈੱਕ ਕਰਨ ਆਏ ਡਾਕਟਰ ਤੇ ਨਰਸਾਂ ਦੇ ਮੂੰਹ ਉੱਤੇ ਵੀ ਬਦੋਬਦੀ ਖ਼ੁਸ਼ੀ ਦਾ ਅਸਰ ਦਿਸਣ ਲੱਗ ਪਿਆ।

ਇਸ ਦਾ ਸਪਸ਼ਟ ਅਰਥ ਸੀ ਕਿ ਦਿਲੋਂ ਮਹਿਸੂਸ ਕੀਤੀ ਜਾ ਰਹੀ ਖ਼ੁਸ਼ੀ ਲਾਗ ਦੀ ਬੀਮਾਰੀ ਵਾਂਗ ਆਲਾ-ਦੁਆਲਾ ਵੀ ਉਸੇ ਤਰਾਂ ਹੀ ਖ਼ੁਸ਼ਗਵਾਰ ਕਰ ਦਿੰਦੀ ਹੈ।

ਇਹੀ ਨੁਕਤਾ ਫੇਰ ਗੁੱਸੇ ਦੇ ਦੌਰੇ ਪੈਣ ਵਾਲੇ ਮਰੀਜ਼ਾਂ ਅੱਗੇ ਅਪਣਾਇਆ ਗਿਆ। ਉਨ੍ਹਾਂ ਨੂੰ ਖਿੜਖਿੜਾ ਕੇ ਹੱਸਦੇ ਹੋਏ ਬੱਚੇ ਦੀ ਵੀਡੀਓ ਵਿਖਾਈ ਗਈ। ਸਾਰੇ ਦੇ ਸਾਰੇ ਮਰੀਜ਼ਾਂ ਦੇ ਚਿਹਰੇ ‘ਤੇ ਰੌਣਕ ਦਿਸੀ। ਕਿਸੇ ਦੇ ਘੱਟ, ਕਿਸੇ ਦੇ ਵੱਧ ਤੇ ਕੋਈ ਵੀਡੀਓ ਵੇਖਦੇ ਸਾਰ ਖਿੜਖਿੜਾ ਕੇ ਹੱਸ ਪਿਆ। ਫੇਰ ਸ਼ਰਾਰਤ ਕਰਦੇ ਦੋ ਪਿਆਰ ਕਰਨ ਵਾਲਿਆਂ ਦੀ ਵੀਡੀਓ ਵਿਖਾਈ ਗਈ। ਉਸ ਨਾਲ ਵੀ ਤਿਊੜੀਆਂ ਭਰੇ ਮੱਥਿਆਂ ਉੱਤੋਂ ਤਿਊੜੀਆਂ ਸਾਫ਼ ਹੋ ਕੇ ਸਹਿਜ ਹੋਣ ਤੋਂ ਲੈ ਕੇ ਕੁੱਝ ਜਣਿਆਂ ਦੇ ਚਿਹਰੇ ‘ਤੇ ਮੁਸਕਾਨ ਤੱਕ ਆਉਂਦੀ ਦਿਸੀ।

ਮੈਸਾਚਿਊਟਿਸ ਹਸਪਤਾਲ ਵਿਚ ਨਾਲੋ ਨਾਲ ਕੀਤੇ ਦਿਮਾਗ਼ ਦੇ ਸਕੈਨਾਂ ਵਿਚ ਪਿਆਰ ਕਰਨ ਵਾਲਿਆਂ ਤੇ ਪਿਆਰ ਦਾ ਇਹਸਾਸ ਜਾਗਣ ਵਾਲਿਆਂ ਦੇ ਦਿਮਾਗ਼ ਦੇ ਉਨ੍ਹਾਂ ਹੀ ਹਿੱਸਿਆਂ ਵਿਚ ਵੱਧ ਲਹੂ ਜਾਂਦਾ ਲੱਭਿਆ ਜਿਹੜੇ ਹਿੱਸੇ ਚੜ੍ਹਦੀ ਕਲਾ ਦਾ ਇਹਸਾਸ ਦਵਾਉਂਦੇ ਸਨ। ਇਨ੍ਹਾਂ ਥਾਵਾਂ ਉੱਤੇ ਲਹੂ ਦੀ ਰਵਾਨੀ ਕਾਫ਼ੀ ਦੇਰ ਵਧੀ ਰਹੀ ਤੇ ਸੈੱਲਾਂ ਦੀ ਹਰਕਤ ਵੀ ਕਾਫ਼ੀ ਦੇਰ ਦਿਸਦੀ ਰਹੀ।

- Advertisement -

ਜਿਹੜੇ ਮੁਹੱਬਤ ਵਿਚ ਗੜੁੱਚ ਸਨ ਉਨ੍ਹਾਂ ਵਿੱਚੋਂ ਕੁੱਝ ਦੇ ਜਿਨ੍ਹਾਂ ਨੂੰ ਆਪਣੇ ਪਿਆਰੇ ਨਾਲ ਮਿਲਣ ਦੀ ਆਸ ਪੈਦਾ ਹੋਈ, ਉਨ੍ਹਾਂ ਦੇ ਸਰੀਰਾਂ ਅੰਦਰ ਵੀ ਕੁੱਝ ਤਬਦੀਲੀ ਦਿਸੀ-ਧੜਕਨ ਤੇਜ਼ ਹੋਈ, ਗੱਲ੍ਹਾਂ ਲਾਲ ਹੋਈਆਂ, ਹੱਥਾਂ ਵਿਚ ਪਸੀਨਾ ਆਇਆ, ਘਬਰਾਹਟ ਹੋਈ, ਦਿਲ ਛਾਤੀ ‘ਚੋਂ ਬਾਹਰ ਨਿਕਲਦਾ ਮਹਿਸੂਸ ਹੋਇਆ, ਇਕਦਮ ਤਣਾਓ ਵਾਲਾ ਹਾਰਮੋਨ ਕੌਰਟੀਸੋਲ ਵੱਧ ਗਿਆ ਤੇ ਸਿਰੋਟੋਨਿਨ ਘੱਟ ਗਿਆ।

ਇਸ ਹਾਲਤ ਨੂੰ ਖੋਜੀ ਸ਼ਵਾਰਟਜ਼ ਨੇ ‘ਵਾਧੂ ਲਗਾਓ’ ਦਾ ਨਾਂ ਦਿੱਤਾ। ਇਸ ਹਾਲਤ ਵਿਚ ਜਾਣ ਵਾਲੇ ਆਪਣੇ ਪਿਆਰ ਦੇ ਖੁੱਸ ਜਾਣ ਉੱਤੇ ਕਈ ਵਾਰ ਆਪ ਖ਼ੁਦਕੁਸ਼ੀ ਕਰ ਜਾਂਦੇ ਹਨ ਜਾਂ ਆਪਣੇ ਪਿਆਰੇ ਨੂੰ ਮਾਰ ਦਿੰਦੇ ਹਨ। ਕੁੱਝ ਜਣੇ ਆਪਣੀ ਪ੍ਰੇਮਿਕਾ ਦੇ ਖੁੱਸ ਜਾਣ ਦਾ ਖ਼ਦਸ਼ਾ ਭਾਂਪਦੇ ਸਾਰ ਉਸ ਦੇ ਮਾਪੇ, ਭਰਾ, ਭਾਬੀ ਜਾਂ ਹੋਰ ਰਿਸ਼ਤੇਦਾਰ ਤੱਕ ਨੂੰ ਕਤਲ ਕਰ ਦਿੰਦੇ ਹਨ। ਅਜਿਹਾ ਇਕਦਮ ਉੱਠੇ ਹਿਲੌਰੇ ਜਾਂ ਸਰੀਰਕ ਤੇ ਮਾਨਸਿਕ ਤਬਦੀਲੀ ਸਦਕਾ ਹੁੰਦਾ ਹੈ।

ਜੇ ਡੋਪਾਮੀਨ ਦੀ ਮਾਤਰਾ ਸਰੀਰ ਅੰਦਰ ਵੱਧ ਜਾਵੇ ਤੇ ਸਿਰੋਟੋਨਿਨ ਦੇ ਘਾਟੇ ਨੂੰ ਪੂਰ ਜਾਵੇ ਤਾਂ ਅਜਿਹੀ ਵਕਤੀ ਸੋਚ ਉੱਤੇ ਠੱਲ ਪੈ ਜਾਂਦੀ ਹੈ ਤੇ ਡੋਪਾਮੀਨ ਦਾ ਅਸਰ ਹਾਵੀ ਹੋ ਜਾਂਦਾ ਹੈ। ਡੋਪਾਮੀਨ ਦਾ ਵਾਧਾ ਕੋਕੀਨ ਜਾਂ ਸ਼ਰਾਬ ਪੀ ਕੇ ਮਹਿਸੂਸ ਹੋ ਰਹੇ ਅਨੰਦ ਜਿੰਨਾ ਹੀ ਨਸ਼ਾ ਮਹਿਸੂਸ ਕਰਵਾਉਂਦਾ ਹੈ।

ਸੈਨ ਫਰਾਂਸਿਸਕੋ ਦੀ ਯੂਨੀਵਰਸਿਟੀ ਔਫ ਕੈਲੀਫੋਰਨੀਆ ਵਿਚ ਹੋਈ ਖੋਜ ਸੰਨ 2012 ਦੇ ‘ਸਾਇੰਸ’ ਜਰਨਲ ਵਿਚ ਛਪੀ ਸੀ ਜਿਸ ਅਨੁਸਾਰ ਪਿਆਰ ਨਸੀਬ ਨਾ ਹੋਣ ਨਾਲ ਜਾਂ ਨਕਾਰੇ ਜਾਣ ਉੱਤੇ ਬਹੁਤੇ ਲੋਕ ਸ਼ਰਾਬ ਜਾਂ ਨਸ਼ੇ ਵੱਲ ਝੁਕਾਓ ਰੱਖਣ ਲੱਗ ਪੈਂਦੇ ਹਨ ਤੇ ਕਈ ਵਾਰ ਪਹਿਲਾਂ ਤੋਂ ਚਾਰ ਗੁਣਾ ਵੱਧ ਪੀਣ ਲੱਗ ਪੈਂਦੇ ਹਨ ਤਾਂ ਜੋ ਸਰੀਰ ਨੂੰ ਉਸੇ ਹਾਲਾਤ ਵਿਚ ਲਿਜਾ ਸਕਣ ਜਿਹੜੀ ਡੋਪਾਮੀਨ ਦੇ ਵਾਧੇ ਨਾਲ ਮਹਿਸੂਸ ਹੋ ਰਿਹਾ ਸੀ।

ਇਨ੍ਹਾਂ ਹਾਰਮੋਨਾਂ ਦੇ ਨਾਲ ਵੇਜ਼ੋਪਰੈੱਸਿਨ ਤੇ ਆਕਸੀਟੋਸਿਨ ਵੀ ਵਧੇ ਹੋਏ ਵੇਖੇ ਗਏ ਹਨ। ਇਹ ਦੋਵੇਂ ਹਾਰਮੋਨ ਹੱਥਾਂ ਵਿਚ ਹੱਥ ਲੈਣ ਨਾਲ, ਜੱਫੀ ਪਾਉਣ ਨਾਲ ਜਾਂ ਸਰੀਰਾਂ ਦੀ ਛੋਹ ਸਦਕਾ ਇਕਦਮ ਵੱਧ ਜਾਂਦੇ ਹਨ। ਆਕਸੀਟੋਸਿਨ ਇਕਦਮ ਸਰੀਰਕ ਸੰਬੰਧ ਬਣਾਉਣ ਨੂੰ ਉਕਸਾਉਂਦੀ ਹੈ ਜਦਕਿ ਵੇਜ਼ੋਪਰੈੱਸਿਨ ਲੰਮੇ ਸਮੇਂ ਤਕ ਨਿੱਘਾ ਰਿਸ਼ਤਾ ਬਣਾਉਣ ਵਿਚ ਸਹਾਈ ਹੁੰਦੀ ਹੈ ਜੋ ਸਦੀਵੀ ਹੋਵੇ ਤੇ ਨਿਰੀ ਸਰੀਰਕ ਖਿੱਚ ਉੱਤੇ ਨਿਰਭਰ ਨਾ ਹੋਵੇ।
ਦਿਮਾਗ਼ ਵਿਚਲੇ ਅਮਿਗਡਲਾ, ਹਿੱਪੋਕੈਂਪਸ ਤੇ ਪ੍ਰੀਫਰੰਟਲ ਕੌਰਟੈਕਸ ਹਿੱਸੇ ਦਰਅਸਲ ਰਲ ਕੇ ਰਿਵਾਰਡ ਸਰਕਟ ਬਣਾ ਦਿੰਦੇ ਹਨ ਜਿਹੜੇ ਮੁਹੱਬਤ ਦੇ ਅਸਰ ਅਧੀਨ ਇਕਜੁੱਟ ਹੋ ਕੇ ਸਾਰੀਆਂ ਤਬਦੀਲੀਆਂ ਲੈ ਕੇ ਆਉਂਦੇ ਹਨ ਤੇ ਸੋਚ ਵੀ ਸਕਾਰਾਤਮਕ ਬਣਾ ਦਿੰਦੇ ਹਨ।

ਇਕ ਹੋਰ ਕਮਾਲ ਦਾ ਨੁਕਤਾ ਪਤਾ ਲੱਗਿਆ। ਉਹ ਇਹ ਸੀ ਕਿ ਮੁਹੱਬਤ ਕਰਨ ਵਾਲਿਆਂ ਦੇ ਦਿਮਾਗ਼ ਦੀ ਮਸ਼ੀਨਰੀ ਵਿਚਲੀ ਉਹ ਗਰਾਰੀ ਜੋ ਨਿਊਕਲੀਅਸ ਐਕਿਊਂਬੈਂਸ ਤੋਂ ਪ੍ਰੀ ਫਰੰਟਲ ਕੌਰਟੈਕਸ ਵੱਲ ਸੁਣੇਹੇ ਭੇਜਦੀ ਹੈ, ਇਹ ਚੁਸਤ ਹੋ ਜਾਂਦੀ ਹੈ। ਇਸ ਰਸਤੇ ਵਿਚਲੇ ਸੁਣੇਹੇ ਸਿਰਫ਼ ਚੰਗਾ ਹੀ ਚੰਗਾ ਵਿਖਾਉਂਦੇ ਹਨ। ਯਾਨੀ ”ਇਸ਼ਕ ਕੀਆ ਗਧੀ ਸੇ ਤੋ ਹੂਰ ਸੇ ਕਿਆ” ਵਾਲੀ ਪੁਰਾਣੀ ਇਬਾਰਤ ਇਸੇ ਸਦਕਾ ਸਹੀ ਸਾਬਤ ਹੁੰਦੀ ਰਹੀ ਹੈ। ਮੁਹੱਬਤ ਕਰਨ ਵਾਲੇ ਨੂੰ ਆਪਣੇ ਸਾਥੀ ਵਿਚ ਐਬ ਦਿਸਣੇ ਬੰਦ ਹੀ ਹੋ ਜਾਂਦੇ ਹਨ।

ਜਿਉਂ ਹੀ ਮੁਹੱਬਤ ਘਟੇ ਤਾਂ ਦੂਜਾ ਰਾਹ ਜੋ ਨਿਊਕਲੀਅਸ ਐਕਿਊਂਬੈਂਸ ਤੋਂ ਅਮਿਗਡਲਾ ਵੱਲ ਜਾਂਦਾ ਹੈ, ਚੁਸਤ ਹੋ ਜਾਂਦਾ ਹੈ ਜਿਸ ਸਦਕਾ ਸਾਨੂੰ ਦੂਜੇ ਵਿਚ ਐਬ ਦਿਸਣੇ ਸ਼ੁਰੂ ਹੋ ਜਾਂਦੇ ਹਨ ਜੋ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ।

ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਕਿਉਂ ‘ਮੁਹੱਬਤ ਅੰਨ੍ਹੀ ਹੁੰਦੀ ਹੈ’ ਇਬਾਰਤ ਸਦੀਆਂ ਤੋਂ ਸਹੀ ਸਾਬਤ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਬਥੇਰੇ ਜਣੇ ਕਹਿੰਦੇ ਹਨ, ਜਦੋਂ ਪ੍ਰੇਮਿਕਾ ਸੀ ਤਾਂ ਮੇਨਕਾ ਜਾਪਦੀ ਸੀ ਪਰ ਪਤਨੀ ਬਣਦੇ ਸਾਰ ਚੰਡੀ ਦਿਸਣ ਲੱਗ ਪਈ ਹੈ।

ਮੁਹੱਬਤ ਦੇ ਸ਼ੁਰੂਆਤੀ ਦੌਰ ਵਿਚ ਸਾਥੀ ਦੇ ਖੁੱਸਣ ਦਾ ਡਰ ਤੇ ਉਸ ਦੇ ਨਾਰਾਜ਼ ਹੋ ਜਾਣ ਦਾ ਡਰ ਚਰਮ ਸੀਮਾ ਉੱਤੇ ਹੁੰਦਾ ਹੈ।

ਹੌਲੀ-ਹੌਲੀ, ਇਕ ਦੋ ਸਾਲਾਂ ਵਿਚ ਇਹ ਡਰ ਘਟਦਾ ਹੋਇਆ ਖ਼ਤਮ ਹੋ ਜਾਂਦਾ ਹੈ। ਇਸ ਦੌਰਾਨ ਕੌਰਟੀਸੋਲ ਤੇ ਸਿਰੋਟੋਨਿਨ ਦੀ ਮਾਤਰਾ ਘਟਣ ਲੱਗ ਪੈਂਦੀ ਹੈ ਤੇ ਉਹੀ ਮੁਹੱਬਤ ਜੋ ਪਹਿਲਾਂ ਤਣਾਓ ਤੇ ਘਬਰਾਹਟ ਦਿੰਦੀ ਹੈ, ਫੇਰ ਸਹਿਜ ਤੇ ਠਰੰਮੇ ਨਾਲ ਭਿਉਂ ਦਿੰਦੀ ਹੈ। ਇੰਜ ਪਾ ਲੈਣ ਜਾਂ ਖੋਹ ਕੇ ਹਾਸਲ ਕਰਨ ਦੀ ਥਾਂ ਬੰਦਾ ਆਪਾ ਵਾਰਨ ਜਾਂ ਨਿਛਾਵਰ ਕਰਨ ਦੀ ਹਾਲਤ ਵਿਚ ਪਹੁੰਚ ਜਾਂਦਾ ਹੈ।

ਇਸ ਤਬਦੀਲੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੁਹੱਬਤ ਘਟ ਗਈ ਹੈ। ਸੰਨ 2011 ਵਿਚ ਨਿਊਯੌਰਕ ਵਿਚ ਸਟੋਨੀ ਬਰੂਕ ਯੂਨੀਵਰਸਿਟੀ ਵਿਚ ਉਹ ਜੋੜੇ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ਵਿਆਹ ਦਾ ਆਧਾਰ ਮੁਹੱਬਤ ਸੀ। ਇਨ੍ਹਾਂ ਸਾਰਿਆਂ ਦੇ ਵਿਆਹ ਨੂੰ 20 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਇਹ ਵੇਖਣ ਵਿਚ ਆਇਆ ਕਿ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਵਿਖਾਈਆਂ ਗਈਆਂ ਤਾਂ ਹਰ ਕਿਸੇ ਦੇ ਦਿਮਾਗ਼ ਦੇ ਡੋਪਾਮੀਨ ਭਰਪੂਰ ਹਿੱਸਿਆਂ ਵਿਚ ਓਨੀਆਂ ਹੀ ਤਰੰਗਾਂ ਉੱਠੀਆਂ ਦਿਸੀਆਂ ਜਿੰਨੀਆਂ ਜਵਾਨ ਜੋੜਿਆਂ ਵਿਚ ਦਿਸਦੀਆਂ ਹਨ। ਉਨ੍ਹਾਂ ਦੇ ਰੋਜ਼ਮਰਾ ਦੀ ਜ਼ਿੰਦਗੀ ਵਿਚਲੀ ਚਲਦੀ ਖਟਪਟ ਦੇ ਬਾਵਜੂਦ ਮਨਾਂ ਵਿਚ ਲੁਕੀ ਮੁਹੱਬਤ ਓਨੀ ਹੀ ਡੂੰਘੀ ਸੀ। ਵੇਖਣ ਵਿਚ ਇਹ ਆਇਆ ਕਿ ਜਿੰਨੇ ਜੋੜੇ ਲੰਮੇ ਸਮੇਂ ਤੱਕ ਮੁਹੱਬਤ ਵਿਚ ਗੜੁੱਚ ਲੱਭੇ, ਉਨ੍ਹਾਂ ਸਾਰਿਆਂ ਵਿਚ ਸਰੀਰਕ ਰੋਗ ਘੱਟ ਸਨ ਤੇ ਲਗਭਗ ਸਾਰੇ ਹੀ ਚੜ੍ਹਦੀ ਕਲਾ ਵਿਚ ਸਨ।

ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਉਹ ਜੋੜੀਆਂ ਜੋ ਸਰੀਰਕ ਸੰਬੰਧ ਨਹੀਂ ਬਣਾ ਰਹੀਆਂ ਸਨ, ਵਿੱਚੋਂ ਵੀ ਜਦੋਂ ਕਿਸੇ ਨੇ ਉਹ ਰਿਸ਼ਤਾ ਜਾਗ੍ਰਿਤ ਕੀਤਾ ਤਾਂ ਉਸ ਉਮਰ ਵਿਚ ਵੀ ਉਨ੍ਹਾਂ ਦੇ ਦਿਮਾਗ਼ ਦਾ ਰਿਵਾਰਡ ਸਿਸਟਮ ਰਵਾਂ ਹੋਇਆ ਤੇ ਓਕਸੀਟੋਸਿਨ ਹਾਰਮੋਨ ਵੀ ਵਧ ਗਿਆ। ਇਸ ਨੂੰ ”ਰਸਟੀਨੈੱਸ ਫਿਨਾਮਿਨਾ” ਦਾ ਨਾਂ ਦਿੱਤਾ ਗਿਆ ਤੇ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਉਮਰ ਦਾ ਦਿਮਾਗ਼ ਮੁਹੱਬਤ ਦੇ ਅਸਰ ਤੋਂ ਬਚ ਨਹੀਂ ਸਕਦਾ ਤੇ ਮੁਹੱਬਤ ਕਿਸੇ ਵੀ ਉਮਰ ਦੇ ਬੰਦੇ ਨੂੰ ਦੁਬਾਰਾ ਜਵਾਨੀ ਦਾ ਇਹਸਾਸ ਦੁਆ ਸਕਦੀ ਹੈ ਅਤੇ ਸਰੀਰ ਦੀ ਰਵਾਨੀ ਦੁਗਣੀ ਕਰ ਸਕਦੀ ਹੈ।

ਫੋਨ ਨੰ: 0175-2216783

Share this Article
Leave a comment