ਸਿੱਧੂ, ਬਾਜਵਾ ਤੇ ਰੰਧਾਵਾ ਦੇ ਬਿਆਨਾਂ ‘ਤੇ ਭਗਵੰਤ ਮਾਨ ਨੇ ਕੀਤੇ ਅਜਿਹੇ ਖੁਲਾਸੇ ਕਿ ਸੁਪਰੀਮ ਕੋਰਟ ਦਾ ਵਕੀਲ ਵੀ ਆ ਗਿਆ ਮੈਦਾਨ ‘ਚ, ਪਾ ਤੀ ਵੱਡੀ ਕਾਰਵਾਈ

TeamGlobalPunjab
4 Min Read

ਚੰਡੀਗੜ੍ਹ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਬਾਦਲਾਂ ਨੂੰ ਬਚਾਉਣ ਦਾ ਦੋਸ਼ ਲਾਉਣ ਤੋਂ ਬਾਅਦ ਕਾਂਗਰਸ ਵਿਰੋਧੀ ਆਮ ਆਦਮੀ ਪਾਰਟੀ ਵਾਲੇ ਬਾਗੋ ਬਾਗ ਹੋ ਗਏ ਹਨ। ਜਿੱਥੇ ਇੱਕ ਪਾਸੇ ‘ਆਪ’ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਸੱਚ ਬੋਲਣ ਦੀ ਹਿੰਮਤ ਦਿਖਾਈ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਹੁਣ ਬਾਦਲਾਂ ਅਤੇ ਕੈਪਟਨ ਦਾ ਇਹ ਫਰੈਂਡਲੀ ਮੈਚ ਬਰਦਾਸ਼ਤ ਤੋਂ ਬਾਹਰ ਹੋ ਚੁਕਿਆ ਹੈ ਤੇ ਮੁੱਖ ਮੰਤਰੀ ਨੂੰ ਪੰਜਾਬ ਜਾਂ ਬਾਦਲਾਂ ਦੇ ਟੱਬਰ ‘ਚੋਂ ਕਿਸੇ ਇੱਕ ਨੂੰ ਚੁਣਨਾ ਹੋਵੇਗਾ, ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਵਿਧਾਇਕੀ ‘ਚੋਂ ਅਸਤੀਫਾ ਦੇ ਚੁਕੇ ਐਚਐਸ ਫੂਲਕਾ ਦਾ ਕਹਿਣਾ ਹੈ ਕਿ ਬਾਜਵਾ ਨੇ ਉਨ੍ਹਾਂ ਦੇ ਕਥਨ ‘ਤੇ ਮੋਹਰ ਲਾਈ ਹੈ। ਲਿਹਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਾਅਦੇ ਅਨੁਸਾਰ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੇ ਦੋਸ਼ੀਆਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੋਸ਼ ਲਾਇਆ ਹੈ ਕਿ ਪਿਛਲੇ ਇੱਕ ਦਹਾਕੇ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਆਪਸੀ ਸਾਂਝੇਦਾਰੀ ਚਲਦੀ ਆ ਰਹੀ ਹੈ ਤੇ ਇਹ ਦੋਵੇਂ ਪਰਿਵਾਰ ਇੱਕ ਦੂਜੇ ਦੇ ਨਿੱਜੀ ਲਾਹੇ ਲਈ ਖੜ੍ਹਦੇ ਆ ਰਹੇ ਹਨ। ਮਾਨ ਅਨੁਸਾਰ ਜੇਕਰ ਇਨ੍ਹਾਂ ਦੋਵਾਂ ਪਰਿਵਾਰਾਂ ਦੀ ਸਾਂਝੇਦਾਰੀ ਨਾ ਹੁੰਦੀ ਤਾਂ ਬਹਿਬਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਮਾਮਲਿਆਂ ‘ਚ ਸੁਖਬੀਰ ਬਾਦਲ ਦੇ ਨਾਲ ਕਈ ਹੋਰ ਵੀ ਅੱਜ ਜੇਲ੍ਹਾਂ ਅੰਦਰ ਬੰਦ ਹੁੰਦੇ।  ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਵੱਡੇ ਡਰੱਗ ਸਮੱਗਲਰ, ਲੈਂਡ ਮਾਫੀਆ, ਟਰਾਂਸਪੋਰਟ ਮਾਫੀਆ ਬਾਹਰ ਫਿਰ ਰਹੇ ਹਨ ਤੇ ਜੇਕਰ ਇਹ ਸਾਂਝੇਦਾਰੀ ਨਾ ਹੁੰਦੀ ਤਾਂ ਫਿਰ ਬਾਦਲਾਂ ਸਮੇਤ ਉਨ੍ਹਾਂ ਦੇ ਕਈ ਹੋਰ ਚੇਲੇ ਚਪਟੇ ਵੀ ਜੇਲ੍ਹਾਂ ਅੰਦਰ ਚਲੇ ਜਾਣਗੇ।

ਇੱਥੇ ਹੀ ਮਾਨ ਨੇ ਕਿਹਾ ਕਿ ਬਾਦਲਾਂ ਤੇ ਕੈਪਟਨ ਪਰਿਵਾਰ ਦੀ ਸਾਂਝੇਦਾਰੀ ਦੀ ਪੋਲ ਆਮ ਆਦਮੀ ਪਾਰਟੀ ਨੇ ਖੋਲ੍ਹੀ ਹੈ। ਮਾਨ ਨੇ ਸਵਾਲ ਕੀਤਾ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਕੈਪਟਨ ਦੀ ਸਾਂਝੇਦਾਰੀ ਵਿਰੁੱਧ ਦੱਬ ਕੇ ਬੋਲ ਰਹੇ ਹਨ ਪਰ ਉਹ ਉਸ ਦਿਨ ਕਿੱਥੇ ਸਨ ਜਦੋਂ ਹੋਰ ਕਾਂਗਰਸੀ ਵਿਧਾਇਕ ਅਤੇ ਮੰਤਰੀ ਕੈਪਟਨ ਦੀ ਬਾਦਲਾਂ ਨਾਲ ਸਾਂਝੇਦਾਰੀ ਜੱਗ ਜ਼ਾਹਰ ਕਰ ਰਹੇ ਸਨ।

ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਉੱਘੇ ਵਕੀਲ ਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਜਿੱਥੇ ਮੁੱਖ ਮੰਤਰੀ ਤੋਂ ਬਾਦਲਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਉੱਥੇ ਦੂਜੇ ਪਾਸੇ ਉਨ੍ਹਾਂ ਨੇ ਕਾਂਗਰਸ ਦੇ ਉਨ੍ਹਾਂ ਮੰਤਰੀਆਂ ਨੂੰ ਵੀ ਜ਼ਬਰਦਸਤ ਝਾੜ ਪਾਈ ਹੈ ਜਿਨ੍ਹਾਂ ਨੇ ਪਿਛਲੇ ਸਾਲ ਵਿਧਾਨ ਸਭਾ ਸੈਸ਼ਨ ਦੌਰਾਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਨੂੰ ਲੈ ਕੇ ਬਾਦਲਾਂ ਖਿਲਾਫ ਜਬਰਦਸਤ ਭੜਾਸ ਕੱਢੀ ਸੀ। ਫੂਲਕਾ ਅਨੁਸਾਰ ਉਨ੍ਹਾਂ ਮੰਤਰੀਆਂ ਨੂੰ ਹੁਣ ਵਿਧਾਨ ਸਭਾ ਅੰਦਰ ਬੈਠਣ ਦਾ ਵੀ ਕੋਈ ਇਖ਼ਲਾਕੀ ਹੱਕ ਨਹੀਂ ਹੈ। ਫੂਲਕਾ ਅਨੁਸਾਰ ਇਹ ਬਾਦਲਾਂ ਤੇ ਕੈਪਟਨ ਦੀ ਮਿਲੀਭੁਗਤ ਹੀ ਹੈ ਜਿਸ ਕਾਰਨ ਸੁਮੇਧ ਸੈਣੀ ਅਤੇ ਬਾਦਲਾਂ ਤੋਂ ਇਨ੍ਹਾਂ ਮਾਮਲਿਆਂ ਵਿੱਚ ਧਿਆਨ ਹਟਾਇਆ ਜਾ ਰਿਹਾ ਹੈ। ਫੂਲਕਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੇ ਖੁਲਾਸਿਆਂ ਤੋਂ ਵੀ ਇੱਕ ਵੱਡੀ ਸਾਜ਼ਿਸ਼ ਤਹਿਤ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਕਰਾਉਣ ਦੀ ਮੰਗ ਕਰਨ ਦਾ ਮਕਸਦ ਹੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਖੁਲਾਸਿਆਂ ‘ਤੇ ਪਰਦਾ ਪਾਉਣਾ ਹੈ। ਇਸ ਮੌਕੇ ਫੂਲਕਾ ਨੇ ਕਿਹਾ ਕਿ ਉਨ੍ਹਾਂ ਨਵਜੋਤ ਸਿੰਘ ਸਿੱਧੂ, ਰਮਨਜੀਤ ਸਿੰਘ ਸਿੱਕੀ, ਬੈਂਸ ਭਰਾਵਾਂ, ਹਰਵਿੰਦਰ ਸਿੰਘ ਗਿੱਲ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਇਨ੍ਹਾਂ ਮੁੱਦਿਆਂ ‘ਤੇ ਅਸਤੀਫੇ ਦੇਣ ਦੀ ਅਪੀਲ ਕੀਤੀ ਸੀ, ਪਰ ਇਹ ਲੋਕ ਅਜੇ ਤੱਕ ਚੁੱਪ ਹਨ।

- Advertisement -

Share this Article
Leave a comment