ਅਜੋਕੇ ਸੰਕਟ ਕਾਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਪ੍ਰਸੰਗਿਕਤਾ

TeamGlobalPunjab
9 Min Read

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ

 

ਅੱਜ ਸਮੁੱਚਾ ਵਿਸ਼ਵ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਅਤਿ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਅੱਜ ਦੁਨੀਆ ਦੇ ਹਰੇਕ ਕੋਨੇ ‘ਚ ਕਬਰਸਤਾਨ ਅਤੇ ਸ਼ਮਸ਼ਾਨਘਾਟ ਲਾਸ਼ਾਂ ਨਾਲ ਭਰੇ ਪਏ ਹਨ। ਅੱਜ ਮੌਤਾਂ ਦੀ ਗਿਣਤੀ 6 ਲੱਖ ਦੇ ਕਰੀਬ ਅਤੇ ਕਰੋਨਾ ਪੀੜਤਾਂ ਦੀ ਗਿਣਤੀ 1 ਕਰੋੜ ਨੂੰ ਵੀ ਪਾਰ ਕਰ ਗਈ ਹੈ। ਅਮਰੀਕਾ ਅਤੇ ਇਟਲੀ ਜਿਹੇ ਵਿਕਸਿਤ ਮੁਲਕ ਜਿੱਥੇ ਕਿਸੇ ਇੱਕ ਵਿਅਕਤੀ ਦੀ ਵੀ ਗ਼ੈਰ-ਕੁਦਰਤੀ ਮੌਤ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ,ਉੱਥੇ ਹਜ਼ਾਰਾਂ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਤੇ ਲੱਖਾਂ ਲੋਕ ਬਿਮਾਰੀ ਨਾਲ ਜੂਝ ਰਹੇ ਹਨ। ਭਾਰਤ ਵਿੱਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਬੇਸ਼ੱਕ ਘੱਟ ਹੈ ਪਰ ਇੱਥੇ ਵਾਪਰੀਆਂ ਕੁਝ ਹਿਰਦਾ ਵਲੂੰਧਰਨ ਵਾਲੀਆਂ ਘਟਨਾਵਾਂ ਨੇ ਪੈਸੇ ,ਪਤਨੀ,ਧੀਆਂ-ਪੁੱਤਾਂ ,ਜਾਇਦਾਦ ਅਤੇ ਸ਼ੁਹਰਤ ਦੇ ਮੋਹ ਤੇ ਮਾਣ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਕਾਦਰ ਨੂੰ ਭੁੱਲ ਕੇ ਤੇ ਕੁਦਰਤ ਨੂੰ ਕਰੂਪ ਕਰਕੇ ਅਨੰਦ ਮਾਣ ਰਹੇ ਮਨੁੱਖ ਨੂੰ ਅੱਜ ਹੋਸ਼ ਆ ਰਹੀ ਜਾਪਦੀ ਹੈ ਕਿ ਉਸਨੇ ਆਖ਼ਿਰ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਕੀ ਖੱਟਿਆ ਤੇ ਕੀ ਗੁਆਇਆ ਹੈ। ਕੁਦਰਤ ਦੀ ਤਾਕਤ ਕਿੰਨੀ ਅਪੰਰਪਾਰ ਹੁੰਦੀ ਹੈ ਇਸਦਾ ਅਹਿਸਾਸ ਅੱਜ ਉਸ ਮਨੁੱਖ ਨੂੰ ਹੋ ਰਿਹਾ ਹੈ ਜਿਸ ਕੋਲ ਕੱਲ ਤੱਕ ਸਾਹ ਲੈਣ ਦੀ ਵੀ ਫ਼ੁਰਸਤ ਨਹੀਂ ਸੀ ਤੇ ਜਿਹੜਾ ਹੁਣ ਸਾਰੇ ਕੰਮਾਂ-ਕਾਰਾਂ ਤੋਂ ਵਿਹਲਾ ਹੋ ਕੇ ਆਪਣੇ ਘਰ ‘ਚ ਕੈਦ ਹੋਇਆ ਬੈਠਾ ਹੈ।

ਮਨੁੱਖ ਨੇ ਪਿਛਲੇ ਕੁਝ ਦਹਾਕਿਆਂ ਵਿੱਚ ਦੁਨਿਆਵੀ ਪੱਖੋਂ ਤੋਂ ਬਹੁਤ ਤਰੱਕੀ ਕੀਤੀ ਹੈ ਪਰ ਅਧਿਆਤਮਕ ਪੱਖੋਂ ਨਿਘਾਰ ਹੀ ਹਾਸਿਲ ਕੀਤਾ ਹੈ। ਮਨੁੱਖ ਨੂੰ ਜੀਵਨ ‘ਚ ਦਾਤੇ ਦੀਆਂ ਦਿੱਤੀਆਂ ਸੁੱਖ-ਸਹੂਲਤਾਂ ਤੇ ਦਾਤਾਂ ਦਾ ਯਾਦ ਰਹਿ ਗਈਆਂ ਪਰ ਦਾਤਾ ਵਿਸਰ ਗਿਆ। ਅੱਜ ਉਸ ਪਰਮਾਤਮਾ ਦੀ ਬੇਆਵਾਜ਼ ਲਾਠੀ ਨੇ ਮਨੁੱਖ ਦੀ ਰੂਹ ਤੇ ਜਿਸਮ ‘ਤੇ ਜੋ ਸੱਟ ਮਾਰੀ ਹੈ, ਉਸਦੀ ਗੂੰਜ ਮਨੁੱਖ ਨੂੰ ਸਦੀਆਂ ਤੱਕ ਸੁਣਦੀ ਰਹੇਗੀ।

ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਵੈਰਾਗ ਤੇ ਤਿਆਗ ਦੀ ਸਾਖਿਆਤ ਮੂਰਤ ਸਨ। ਉਨ੍ਹਾ ਦਾ ਸਮੁੱਚੀ ਬਾਣੀ ਤੇ ਅਸਲ ਜੀਵਨ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਹੋਣ ਨਾਲ ਹੀ ਜੁੜੇ ਹੋਏ ਹਨ। ਉਨ੍ਹਾ ਨੇ ਆਪਣੀ ਪ੍ਰਸਿੱਧੀ,ਜ਼ਮੀਨ-ਜਾਇਦਾਦ,ਪਤਨੀ ਤੇ ਬੱਚਿਆਂ ਦੇ ਨਾਲ ਨਾਲ ਆਪਣੀ ਜਾਨ ਤੱਕ ਦਾ ਤਿਆਗ ਕਰਨ ਵਿੱਚ ਬਿੰਦ ਨਹੀਂ ਲਗਾਇਆ। ਉਨ੍ਹਾ ਦੀ ਧਰਮ ਪਤਨੀ ਮਾਤਾ ਗੁਜਰੀ ਜੀ ਨੇ ਵੀ ਪੁੱਤਰ ਤੇ ਪੋਤਿਆਂ ਪ੍ਰਤੀ ਮੋਹ ਤਿਆਗ ਕੇ ਗੁਰੂ ਉਪਦੇਸ਼ ‘ਤੇ ਫੁੱਲ ਚੜ੍ਹਾਏ ਵਰਨਾ ਦੁਨੀਆ ਦੀ ਐਸੀ ਕਿਹੜੀ ਦਾਦੀ ਹੈ ਜਿਸਦੇ ਫੁੱਲਾਂ ਵਰਗੇ ਨਿੱਕੇ ਨਿੱਕੇ ਪੋਤੇ ਸ਼ਹੀਦ ਹੋਣ ਲਈ ਜਾ ਰਹੇ ਹੋਣ ਤੇ ਉਸਦੇ ਮੱਥੇ ‘ਤੇ ਸ਼ਿਕਨ ਤੱਕ ਨਾ ਹੋਵੇ। ਸੰਸਾਰਕ ਮੋਹ ਮਾਇਆ ਤੋਂ ਤਿਆਗੀ ਹੋਣ ਦੀ ਇਹ ਪ੍ਰੰਪਰਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅੰਤਿਮ ਸੁਆਸ ਤੱਕ ਨਿਭਾਈ। ਉਨ੍ਹਾ ਨੇ ਤਖ਼ਤ-ਓ-ਤਾਜ ਛੱਡਿਆ,ਧਨ ਦੌਲਤ ਤੇ ਪਰਿਵਾਰ ਪ੍ਰਤੀ ਕਿਸੇ ਤਰ੍ਹਾਂ ਮੋਹ ਦੀ ਭਾਵਨਾ ਵਿਖਾ ਕੇ ਗੁਰਬਾਣੀ ਦੇ ਆਸ਼ੇ ਨੂੰ ਫਿੱਕਾ ਨਹੀਂ ਪੈਣ ਦਿੱਤਾ। ਆਪਣਾ ਸਭ ਕੁਝ ਕੁਰਬਾਨ ਕਰਕੇ ਵੀ ਉਨ੍ਹਾ ਨੇ ਹੱਥ ਜੋੜ ਕੇ ਉਸ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ ‘ਚ ਜੋਦੜੀ ਕੀਤੀ ਸੀ –

ਤੁਧੁ ਬਿਨੁ ਰੋਗ ਰਜਾਈਆ ਦਾ ਓਢਣ
ਨਾਗੁ ਨਿਵਾਸਾ ਦੇ ਰਹਿਣਾ
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆ ਦਾ ਸਹਿਣਾ
ਯਾਰੜੇ ਦਾ ਸਾਨੂੰ ਸੱਥਰੁ ਚੰਗਾ
ਬਿੰਗ ਕਸਾਈਆ ਦਾ ਸਹਿਣਾ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਜੇਕਰ ਵਰਤਮਾਨ ਹਾਲਾਤ ਦੇ ਪ੍ਰਸੰਗ ਵਿੱਚ ਵਿਚਾਰਿਆ ਜਾਵੇ ਤੇ ਉਨ੍ਹਾ ਦੇ ਅੰਮ੍ਰਿਤਮਈ ਬਚਨਾਂ ਦੇ ਅਰਥ ਸਹਿਜ ਹੀ ਸਮਝੇ ਜਾ ਸਕਦੇ ਹਨ। ਉਨ੍ਹਾ ਦੀ ਬਾਣੀ ਵਿੱਚ ਸੰਸਾਰ ਦੀ ਨਾਸ਼ਮਾਨਤਾ, ਰਿਸ਼ਤਿਆਂ ਦੇ ਸੁਆਰਥਪੁਣੇ ਤੇ ਪ੍ਰਾਪਤੀਆਂ ਅਤੇ ਸ਼ੁਹਰਤ ਦੇ ਹੰਕਾਰ ਦੀ ਅਸਲ ਹਕੀਕਤ ਨੂੰ ਬਿਆਨ ਕੀਤਾ ਗਿਆ ਹੈ ਜੋ ਅਜੋਕਾ ਮਨੁੱਖ ਹੁਣ ਆਸਾਨੀ ਨਾਲ ਸਮਝ ਸਕਦਾ ਹੈ।

ਗੁਰੂ ਤੇਗ ਬਹਾਦਰ ਸੀ ਗਉੜੀ ਰਾਗ ‘ਚ ਬਚਨ ਕਰਦੇ ਹਨ-
ਸਾਧੋ ਰਚਨਾ ਰਾਮ ਬਨਾਈ
ਇਕਿ ਬਿਨਸੈ ਇਕ ਅਸਥਿਰੁ ਮਾਨੈ
ਅਚਰਜੁ ਲਖਿਓ ਨਾ ਜਾਈ।

ਭਾਵੇਂ ਕਿ ਸਾਡੇ ਸਾਹਮਣੇ ਲੱਖਾਂ ਲੋਕ ਰੇਤ ਦੇ ਕਿਣਕਿਆਂ ਵਾਂਗ ਜ਼ਿੰਦਗੀ ਦੇ ਹੱਥਾਂ ‘ਚੋਂ ਕਿਰਦੇ ਹੋਏ ਮੌਤ ਦੇ ਹੱਥਾਂ ‘ਚ ਜਾ ਕੇ ਡਿੱਗ ਰਹੇ ਹਨ ਪਰ ਅਸੀਂ ਅਜੇ ਵੀ ਆਪਣੇ ਆਪ ਨੂੰ ਅਮਰ ਸਮਝੀ ਬੈਠੇ ਹਾਂ। ਸਾਨੂੰ ਮੌਤ ਦਾ ਖ਼ੌਫ਼ ਹੋਵੇ ਤਾਂ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਅੱਜ ਉਸ ਪਰਮੇਸ਼ਵਰ ਦੇ ਚਰਨਾਂ ‘ਚ ਅਰਦਾਸ ਬੇਨਤੀਆਂ ਕਰਦੇ ਹੋਈਏ ਤੇ ਗ਼ਰੀਬਾਂ ਤੇ ਲੋੜਵੰਦਾਂ ਦਾ ਸਹਾਰਾ ਬਣ ਰਹੇ ਹੋਈਏ। ਅਸੀਂ ਅਜੇ ਵੀ ਸਮਝੀ ਬੈਠੇ ਹਾਂ ਕਿ ਸਾਡੇ ਕੋਲ ਮੌਜੂਦ ਹਜ਼ਾਰਾਂ-ਲੱਖਾਂ ਰੁਪਏ ਸਾਡੇ ਲਈ ਹਨ ਤੇ ਅਸੀਂ ਇਨ੍ਹਾ ਨਾਲ ਕਿਸੇ ਦੀ ਜਾਨ ਬਚਾਉਣ ਜਾਂ ਕਿਸੇ ਦਾ ਢਿੱਡ ਭਰਨ ਦਾ ਯਤਨ ਨਹੀਂ ਕਰ ਰਹੇ ਹਾਂ। ਪੈਸੇ ਅਤੇ ਸ਼ਰੀਰ ਜਾਂ ਅਹੁਦੇ ਦੀ ਤਾਕਤ ਦੇ ਬਲਬੂਤੇ ਅਸੀਂ ਜਿਊਣਾ ਚਾਹੁੰਦੇ ਹਾਂ ਪਰ ਗੁਰੂ ਸਾਹਿਬ ਦਾ ਫ਼ੁਰਮਾਨ ਹੈ-

ਝੂਠਾ ਤਨ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ

ਗੁਰੂਆਂ-ਪੀਰਾਂ ਦੀ ਵਰੋਸਾਈ ਹੋਈ ਪੰਜਾਬ ਦੀ ਇਸ ਧਰਤ ‘ਤੇ ਮੌਜੂਦਾ ਦੌਰ ਵਿੱਚ ਵਾਪਰੀਆਂ ਕੁਝ ਹਿਰਦਾ ਵਲੂੰਧਰ ਦੇਣ ਵਾਲੀਆਂ ਘਟਨਾਵਾਂ ਨੇ ਮਨੁੱਖ ਨੂੰ ਧੀਆਂ-ਪੁੱਤਾਂ ਤੇ ਪਤਨੀ ਨਾਲ ਰੱਖੇ ਮੋਹ ਦੀ ਹਕੀਕਤ ਬਿਆਨ ਕਰ ਦਿੱਤੀ ਹੈ ਤੇ ਗੁਰੂ ਪਾਤਸ਼ਾਹ ਜੀ ਦੇ ਉਨ੍ਹਾ ਬਚਨਾਂ ਨੂੰ ਸਿੱਧ ਕਰ ਦਿੱਤਾ ਹੈ ਜਿਨ੍ਹਾ ਵਿੱਚ ਉਨ੍ਹਾ ਕਿਹਾ ਸੀ-

ਸਭ ਕਿਛ ਜੀਵਤ ਕੇ ਬਿਵਹਾਰ
ਮਾਤ ਪਿਤਾ ਭਾਈ ਸੁਤ ਬੰਧਪ
ਅਰੁ ਫੁਨਿ ਗ੍ਰਹਿ ਕੀ ਨਾਰਿ
ਤਨ ਤੇ ਪ੍ਰਾਨ ਹੋਤ ਜਬ ਨਿਆਰੇ
ਟੇਰਤ ਪ੍ਰੇਤਿ ਪੁਕਾਰ।
ਅਤੇ
ਜਗਤ ਮੈ ਝੂਠੀ ਦੇਖੀ ਪ੍ਰੀਤਿ
ਅਪਨੇ ਹੀ ਸੁਖ ਸਿਉ ਸਭ ਲਾਗੇ
ਕਿਆ ਦਾਰਾ ਕਿਆ ਮੀਤ। ਰਹਾਓ।
ਮੇਰਉ ਮੇਰਉ ਸਭੈ ਕਹਤ ਹੈ
ਹਿਤ ਸਿਉ ਬਾਧਿਓ ਚੀਤ।
ਅੰਤਿ ਕਾਲ ਸੰਗੀ ਨਹ ਕੋਊ
ਇਹ ਅਚਰਜ ਹੈ ਰੀਤਿ।
ਮਨ ਮੂਰਖ ਅਜਹੂ ਨਹ ਸਮਝਤ
ਸਿਖ ਦੇ ਹਾਰਿਓ ਨੀਤ।

ਦੁਨੀਆ ਦੇ ਅਮੀਰ ਤੇ ਸ਼ਕਤੀਸ਼ਾਲੀ ਕਹਾਉਂਦੇ ਮੁਲਕ ਆਪਣੇ ਪੈਸੇ ਤੇ ਤਾਕਤ ਦੇ ਬਲਬੂਤੇ ਦੂਜੇ ਮੁਲਕਾਂ ਨੂੰ ਧੌਂਸ ਦਿੰਦੇ ਸਨ ਤੇ ਚੌਧਰਪੁਣੇ ਦੇ ਹੰਕਾਰ ਵਿੱਚ ਅਸਮਾਨ ਨੂੰ ਟਾਕੀਆਂ ਲਗਾਉਂਦੇ ਸਨ ਪਰ ਕਾਦਰ ਨੇ ਆਪਣੀ ਹਸਤੀ ਦਾ ਜ਼ਰਾ ਜਿੰਨਾ ਅਹਿਸਾਸ ਕੀ ਕਰਵਾਇਆ ਉਹ ਸਾਰੇ ਮੁਲਕ ਗੋਡਿਆਂ ਪਰਨੇ ਹੋ ਗਏ। ਨੌਵੇਂ ਨਾਨਕ ਜੀ ਦਾ ਪਾਵਨ ਬਚਨ ਹੈ –

ਛਿਨ ਮਹਿ ਰਾਉ ਰੰਕ ਕਉ ਕਰਈ
ਰਾਉ ਰੰਕ ਕਰਿ ਡਾਰੈ
ਰੀਤੇ ਭਰੇ ਭਰੇ ਸਖਨਾਵੇ
ਯਹ ਤਾ ਕੋ ਬਿਵਹਾਰੇ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਦਾ ਮੰਨਣਾ ਹੈ ਕਿ ਦੁਨਿਆਵੀ ਫ਼ਰਜ਼ ਅਦਾ ਕਰਦਿਆਂ ਹੋਇਆਂ ਇਨਸਾਨ ਨੂੰ ਇੰਨਾ ਗ਼ਲਤਾਨ ਨਹੀਂ ਹੋ ਜਾਣਾ ਚਾਹੀਦਾ ਕਿ ਉਹ ਉਸ ਪਰਮਾਤਮਾ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਹੀ ਭੁੱਲ ਜਾਵੇ। ਜਿਸ ਪਰਮਾਤਮਾ ਨੇ ਦੇਹ ਦਿੱਤੀ,ਪਰਿਵਾਰ ਦਿੱਤਾ,ਕਾਰੋਬਾਰ ਦਿੱਤਾ ਤੇ ਹੋਰ ਸੁੱਖ ਸਹੂਲਤਾਂ ਦਿੱਤੀਆਂ ਉਸਦਾ ਸ਼ੁਕਰਾਨਾ ਕਰਨਾ ਵੀ ਮਨੁੱਖ ਦਾ ਅਧਿਆਤਮਕ ਤੇ ਨੈਤਿਕ ਕਰਤੱਵ ਬਣਦਾ ਹੈ। ਅਜੋਕੇ ਹਾਲਾਤ ਦੇ ਪ੍ਰਸੰਗ ਵਿੱਚ ਜੇਕਰ ਅਸੀਂ ਆਪਣੇ ਇਰਦ ਗਿਰਦ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਘਰਾਂ ‘ਚ ਬੈਠੇ ਲੋਕਾਂ ਨੂੰ ਅਜੇ ਵੀ ਰੱਬ ਚੇਤੇ ਨਹੀਂ ਆ ਰਿਹਾ ਹੈ। ਅਜੇ ਵੀ ਉਨ੍ਹਾ ਦਾ ਅਧਿਕਤਰ ਵਕਤ ਟੀ.ਵੀ. ਅਤੇ ਮੋਬਾਇਲ ਫ਼ੋਨ ‘ਤੇ ਬਤੀਤ ਹੋ ਰਿਹਾ ਹੈ ਜਦੋਂ ਕਿ ਇਸ ਵਿਹਲ ਦੇ ਵਕਤ ਵਿੱਚ ਉਹ ਆਪਣੇ ਸਆਸਾਂ ਨੂੰ ਪ੍ਰਭੂ ਲੇਖੇ ਲਾ ਕੇ ਇਸ ਸੰਸਾਰ ਵਿੱਚ ਆਉਣ ਦੇ ਆਪਣੇ ਪ੍ਰਯੋਜਨ ਵੱਲ ਚੰਦ ਕਦਮ ਵਧਾ ਸਕਦਾ ਸੀ। ਸੁਆਸਾਂ ਦੀ ਪੂੰਜੀ ਨੂੰ ਸਾਰਥਕ ਕਰਨ ਦਾ ਉਪਦੇਸ਼ ਦਿੰਦਿਆਂ ਗੁਰੂ ਪਿਤਾ ਨੇ ਕਿਹਾ ਸੀ-

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨਾ ਹੋਇਆ
ਅਤੇ
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ।

ਅਤੇ
ਭੈ ਨਾਸਨੁ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ।
ਨਿਸ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ।

ਸੋ ਆਓ ਇਸ ਵਕਤ ਦੇ ਹਾਲਾਤਾਂ ਦੀ ਮਜਬੂਰੀ ਨੂੰ ਆਪਣੇ ਜੀਵਨ ਨੂੰ ਸਫ਼ਲਾ ਕਰਨ ਹਿਤ ਵਰਤੀਏ ਤੇ ਆਪਣੇ ਧਨ ਤੇ ਤਾਕਤ ਦੀ ਵਰਤੋਂ ਕਿਸੇ ਲੋੜਵੰਦ ਸਹਾਇਤਾ ਕਰਨ ਵਿੱਚ ਲਗਾਈਏ।

ਸੰਪਰਕ :97816-46008

Share This Article
Leave a Comment