ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ। ਚੰਨੀ ਵੱਲੋਂ ਗਿੱਦੜਬਾਹਾ ‘ਚ ਚੋਣ ਪ੍ਰਚਾਰ ਦੌਰਾਨ ਔਰਤਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਨੂੰ ਲੈ ਕੇ ਕਾਰਵਾਈ ਦੀ ਮੰਗ ‘ਤੇ ਪੰਜਾਬ ਮਹਿਲਾ ਕਮਿਸ਼ਨ ਨੇ ਸਾਬਕਾ ਸੀਐਮ ਨੂੰ ਨੋਟਿਸ ਜਾਰੀ ਕੀਤਾ ਹੈ। ਦੋਵਾਂ ਪਾਰਟੀਆਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਸਾਬਕਾ ਸੀਐਮ ਵੱਲੋਂ ਦੋ ਕੁੱਤਿਆਂ ਦੀ ਕਹਾਣੀ ਰਾਹੀਂ ਔਰਤਾਂ ‘ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਹਨ।ਮਹਿਲਾ ਕਮਿਸ਼ਨ ਨੇ ਪੰਜਾਬ ਦੇ DGP ਨੂੰ ਇਸ ‘ਤੇ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ । ਇਸ ਦੌਰਾਨ ਉਨ੍ਹਾਂ ਨੇ ਦੋ ਕੁੱਤਿਆਂ ਦੀ ਕਹਾਣੀ ਦੀ ਇੱਕ ਉਦਾਹਰਨ ਦਿੱਤੀ। ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਟਵਿੱਟਰ ਅਕਾਊਂਟ ਐਕਸ ‘ਤੇ ਸਾਂਝਾ ਵੀ ਕੀਤਾ ਗਿਆ, ਪਰ ਕੁੱਝ ਸਮੇਂ ਪਿੱਛੋਂ ਇਸ ਨੂੰ ਬੈਨ ਕਰ ਦਿੱਤਾ ਗਿਆ।ਸ਼੍ਰੋਮਣੀ ਅਕਾਲੀ ਦਲ ਸਮੇਤ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਵੀਡੀਓ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕੋਲੋਂ ਤੁਰੰਤ ਮਾਫੀ ਦੀ ਮੰਗ ਕੀਤੀ ਗਈ ਸੀ ਅਤੇ ਨਾਲ ਹੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ‘ਤੇ ਹੁਣ ਸਾਬਕਾ ਸੀਐਮ ਚੰਨੀ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸਪੱਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਵਿੱਚ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਆਪ ਵੱਲੋਂ ਨਾ ਕੇਵਲ ਔਰਤ ਵਰਗ ਸਗੋਂ ਜੱਟ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ ਵੀ ਬਹੁਤ ਹੀ ਸ਼ਰਮਨਾਮ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਆਪ ਵੱਲੋਂ ਅਜਿਹਾ ਕਰਕੇ ਨਾ ਕੇਵਲ ਸਮੁੱਚੀ ਔਰਤ ਜਾਤੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ, ਸਗੋਂ ਦੋਹਾਂ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮਹੌਲ ਭੰਗ ਹੋ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਹੋਣ ਕਾਰਨ ਆਪ ਵੱਲੋਂ ਅਜਿਹੀਆਂ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਹਨ। ਆਪ ਨੂੰ ਔਰਤ ਵਰਗ ਲਈ ਅਜਿਹੀ ਟਿੱਪਣੀ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।